ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਚੌਂਕਾਂ 'ਤੇ ਭੀਖ ਮੰਗਦੇ ਭਿਖਾਰੀਆਂ ਕੋਲੋਂ ਬੱਚੇ ਲੈ ਕੇ ਉਨ੍ਹਾਂ ਦਾ ਡੀ.ਐਨ.ਏ ਟੈੱਸਟ ਕਰਵਾਉਣ ਦੇ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ ਹਰਭਜਨ ਸਿੰਘ ਮਹਿਮੀ ਦੁਆਰਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਚੈਕਿੰਗ ਕੀਤੀ ਗਈ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਕੋਈ ਵੀ ਬੱਚਾ ਅਜਿਹਾ ਨਾ ਹੋਵੇ, ਜੋ ਭੀਖ ਮੰਗ ਰਿਹਾ ਹੋਵੇ ਜਾਂ ਕੋਈ ਮਾਪੇ ਅਜਿਹੇ ਹੋਣ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਰਹੇ ਹੋਣ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਇਹ ਚੈਕਿੰਗ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ | ਉਨ੍ਹਾਂ ਜ਼ਿਲੇ੍ਹ ਦੇ ਸਮੂਹ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੱਚਿਆਂ ਨੂੰ ਭਿੱਖਿਆ ਨਾ ਦੇਣ ਕਿਉਂਕਿ ਜਦੋਂ ਬੱਚਿਆਂ ਨੂੰ ਭਿੱਖਿਆ ਦਿੱਤੀ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਕਿਤੇ ਨਾ ਕਿਤੇ ਇਸ ਧੰਦੇ ਵੱਲੋਂ ਤੋਰ ਰਹੇ ਹੁੰਦੇ ਹਾਂ | ਕਿਉਂਕਿ ਇਨ੍ਹਾਂ ਬੱਚਿਆਂ ਤੋਂ ਭਿੱਖਿਆ ਮੰਗਵਾਉਣ ਵਾਲੇ ਗਰੋਹ ਜਾਂ ਉਹ ਮਾਪੇ ਇਸੇ ਕਾਰਨ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਕਿ ਭਿੱਖਿਆ ਮੰਗ ਕੇ ਉਹ ਬੱਚੇ ਇੱਕ ਦਿਨ ਵਿਚ ਚੰਗੇ ਪੈਸੇ ਲੈ ਕੇ ਆਉਂਦੇ ਹਨ | ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਸਮੂਹ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਜਿਹੇ ਮਾਪੇ ਜਿਹੜੇ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭੀਖਿਆ ਕਰਾ ਰਹੇ ਹਨ | ਉਨ੍ਹਾਂ ਦੇ ਬੱਚਿਆਂ ਦਾ ਡੀ.ਐਨ.ਏ ਟੈੱਸਟ ਵੀ ਕਰਵਾਇਆ ਜਾਵੇ | ਕਿਉਂਕਿ ਅਕਸਰ ਇਹ ਦੇਖਣ 'ਚ ਆਇਆ ਹੈ ਕਿ ਜਿਹੜੇ ਦੂਜੇ ਰਾਜਾਂ 'ਚੋਂ ਬਾਲ ਭਿਖਾਰੀ ਪੰਜਾਬ ਅੰਦਰ ਆ ਕੇ ਬਾਲ ਭਿੱਖਿਆ ਮੰਗਦੇ ਹਨ ਕਈ ਵਾਰ ਉਨ੍ਹਾਂ ਦੇ ਮਾਪੇ ਅਸਲ ਇੱਥੇ ਨਹੀਂ ਹੁੰਦੇ ਜਾਂ ਫਿਰ ਉਹ ਬੱਚੇ ਕਿਤੋਂ ਨਾ ਕਿਤੋਂ ਚੋਰੀ ਕੀਤੇ ਹੁੰਦੇ ਹਨ | ਇਸ ਲਈ ਬਾਲ ਭਿੱਖਿਆ ਨੂੰ ਰੋਕਣ ਲਈ ਇਹ ਚੈਕਿੰਗ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ |