ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੌਮਾਂਤਰੀ ਪੱਧਰ ਦੇ ਮਸ਼ਹੂਰ ਦੌੜਾਕ ਸ. ਫੌਜਾ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਵਡੇਰੀ ਉਮਰ ਹੋਣ ਦੇ ਬਾਵਜੂਦ ਬੀਤੇ ਸਮੇਂ ਵਿਚ ਦੌੜਾਂ 'ਚ ਸੰਸਾਰ ਪੱਧਰ ਦੇ ਰਿਕਾਰਡ ਕਾਇਮ ਕੀਤੇ ਹਨ ਅਤੇ ਆਪਣੀ ਆਖ਼ਰੀ ਉਮਰ ਤੱਕ ਇਕ ਹਰਮਨ ਪਿਆਰੇ ਦੌੜ ਦੇ ਖਿਡਾਰੀ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਲਈ ਬਹੁਤ ਹੀ ਅਣਗਹਿਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਹਿਫ਼ਾਜ਼ਤ ਲਈ ਕੋਈ ਉਚੇਚੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਸੀ | ਜਿਨ੍ਹਾਂ ਦਾ ਵਿਸ਼ਵ ਦੀ ਗਿਨੀਜ ਬੁੱਕ ਵਿਚ ਸਤਿਕਾਰਤ ਨਾਮ ਦਰਜ ਹੈ | ਸ. ਮਾਨ ਨੇ ਕਿਹਾ ਕਿ ਜੇਕਰ ਇਕ ਮਸ਼ਹੂਰ ਦੌੜਾਕ ਦੀ ਜ਼ਿੰਦਗੀ ਸੁਰੱਖਿਅਤ ਨਹੀਂ, ਫਿਰ ਆਮ ਨਾਗਰਿਕ ਦੀ ਜ਼ਿੰਦਗੀ ਬਾਰੇ ਕੀ ਗਾਰੰਟੀ ਹੈ? ਉਨ੍ਹਾਂ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਉੱਥੇ ਹੀ ਫੌਜਾ ਸਿੰਘ ਦੌੜਾਕ ਦੇ ਪਰਿਵਾਰਿਕ ਮੈਂਬਰਾਂ, ਸੰਬੰਧੀਆਂ ਤੇ ਸਮੁੱਚੇ ਪੰਜਾਬੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਾਪਰੇ ਸੜਕ ਹਾਦਸੇ ਦੀ ਜਾਂਚ ਦੀ ਮੰਗ ਵੀ ਕਰਦਾ ਹੈ |