ਮਜਾਰੀ/ਸਾਹਿਬਾ, 19 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ ਦੇ ਕਿਨਾਰਿਆਂ 'ਤੇ ਸੈਕੜਿਆਂ ਦੀ ਗਿਣਤੀ 'ਚ ਲੱਖਾਂ ਰਪਏ ਦੀ ਕੀਮਤ ਦੇ ਸੁੱਕੇ ਖੜੇ ਦਰੱਖਤ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਉੱਥੇ ਜੰਗਲਾਤ ਵਿਭਾਗ ਦੀ ਨਿਕਾਮੀ ਵੀ ਜ਼ਾਹਰ ਕਰ ਰਹੇ ਹਨ | ਇਸ ਮਾਰਗ 'ਤੇ ਬਹੁਤ ਸਾਰੇ ਦਰੱਖਤ ਜੋ ਆਪਣੀ ਉਮਰ ਹੰਢਾ ਚੁੱਕੇ ਹਨ | ਜੋ ਆਪ ਮੁਹਾਰੇ ਕਦੀ ਸੜਕ ਵਿਚ ਡਿੱਗ ਰਾਹਗੀਰਾਂ ਨੂੰ ਲਪੇਟ ਵਿਚ ਲੈ ਰਹੇ ਹਨ ਤੇ ਕਦੇ ਕਿਸਾਨਾਂ ਦੇ ਖੇਤਾਂ ਵੱਲ ਡਿੱਗ ਕੇ ਫਸਲਾਂ ਖਰਾਬ ਕਰ ਰਹੇ ਹਨ | ਇਨਾ ਸੁੱਕੇ ਦਰਖਤਾਂ ਦੇ ਅਚਾਨਕ ਸੜਕ ਵਿਚ ਡਿੱਗਣ ਕਾਰਨ ਪਿਛਲੇ ਸਮੇਂ ਵਿਚ ਕਈ ਰਾਹਗੀਰ ਲਪੇਟ 'ਚ ਆ ਕੇ ਫੱਟੜ ਹੋ ਚੁੱਕੇ ਹਨ | ਇਥੋਂ ਤੱਕ ਕਿ ਪਿਛਲੇ ਸਮੇਂ ਅੱਡਾ ਕਰਾਵਰ ਵਿਖੇ ਇੱਕ ਦਰੱਖਤ ਦਾ ਟਾਹਣਾ ਟੁੱਟ ਕੇ ਥੱਲੇ ਤੋਂ ਲੰਘਦੇ ਸਕੂਟਰੀ ਸਵਾਰਾਂ 'ਤੇ ਡਿੱਗ ਪਿਆ ਸੀ | ਇਕ ਦੀ ਥਾਂ 'ਤੇ ਹੀ ਮੌਤ ਹੋ ਗਈ ਸੀ ਤੇ ਦੂਸਰਾ ਗੰਭੀਰ ਜਖਮੀ ਹੋ ਗਿਆ ਸੀ | ਇਸ ਮਾਰਗ 'ਤੇ ਚਣਕੋਆ ਅੱਡੇ ਦੇ ਲਾਗੇ ਕਈ ਸਫੈਦੇ ਦੇ ਦਰਖਤਾਂ ਦਾ ਝੁੰਡ ਸੁੱਕ ਕੇ ਸੜਕ ਵੱਲ ਨੂੰ ਕਾਫੀ ਝੁਕ ਚੁੱਕਾ ਹੈ | ਜੋ ਕਦੇ ਵੀ ਸੜਕ ਵਿਚ ਡਿੱਗ ਕੇ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ | ਇਸ ਮਾਰਗ ਦੇ ਸੁਕੇ ਦਰੱਖਤਾਂ ਵੱਲ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਦੇ ਵੀ ਧਿਆਨ ਨਹੀ ਦਿੱਤਾ | ਜਦੋਂ ਕਦੇ ਸੜਕ ਵਿਚ ਕੋਈ ਦਰੱਖਤ ਡਿੱਗਦਾ ਹੈ ਤਾਂ ਮਹਿਕਮੇ ਵਲੋਂ ਡੇਲੀਵੇਜ਼ 'ਤੇ ਰੱਖੇ ਕੱਚੇ ਮੁਲਾਜਮ ਹੀ ਇਸ ਨੂੰ ਕੱਟ ਵੱਢ ਕਰ ਕੇ ਪਾਸੇ ਕਰ ਦਿੰਦੇ ਹਨ ਤੇ ਲੱਕੜ ਸੜਕ ਕਿਨਾਰੇ ਹੀ ਪਈ ਸੜ੍ਹ ਜਾਂਦੀ ਹੈ | ਜੋ ਕਈ ਥਾਵਾਂ 'ਤੇ ਦੇਖੀ ਜਾ ਸਕਦੀ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨਾਂ ਸੁੱਕੇ ਦਰੱਖਤਾਂ ਨੂੰ ਹਟਾਇਆ ਜਾਵੇ |