ਬਹਿਰਾਮ, 19 ਨਵੰਬਰ (ਨਛੱਤਰ ਸਿੰਘ ਬਹਿਰਾਮ)-ਐੱਨ.ਆਰ.ਆਈ ਦੇ ਬੰਦ ਪਏ ਘਰ ਵਿੱਚੋ ਸੋਨੇ ਦੇ ਗਹਿਣੇ, ਰੁਪਏ ਅਤੇ ਵਿਦੇਸ਼ੀ ਕਰੰਸੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਵੀਨਾ ਵਰਮਾ ਪਤਨੀ ਸਵ. ਬਲਦੇਵ ਰਾਜ ਵਰਮਾ ਨੇ ਦੱਸਿਆ ਕਿ ਮੈਂ ਸ਼ਨੀ ਇੰਨਕਲੇਵ ਖਰੜ ਮੋਹਾਲੀ ਦੀ ਰਹਿਣ ਵਾਲੀ ਹਾਂ ਅਤੇ ਪਿੰਡ ਭਰੋਮਜਾਰਾ ਵਿਖੇ ਸਾਡੀ ਪਾਣੀ ਫਿਲਟਰ ਕਰਨ ਦੀ ਫੈਕਟਰੀ ਹੈ | ਸਾਡਾ ਸਾਂਝੀਦਾਰ ਪਰਮਜੀਤ ਸਿੰਘ ਉਰਫ ਰਾਣਾ ਪੁੱਤਰ ਕੁਲਤਾਰ ਸਿੰਘ ਵਾਸੀ ਭਰੋਮਜਾਰਾ ਹਨ ਜੋਂ ਕਿ ਇਸ ਸਮੇਂ ਕੈਨੇਡਾ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਜ਼ਿੰਮੇਵਾਰੀ ਮੇਰੇ ਕੋਲ ਹੀ ਹੈ | ਸਾਡੀ ਫੈਕਟਰੀ ਦੇ ਵਰਕਰ ਨੇ ਫੋਨ ਕਰਕੇ ਦੱਸਿਆ ਕਿ ਪਰਮਜੀਤ ਸਿੰਘ ਦੇ ਘਰ ਦੇ ਮੇਨ ਗੇਟ ਅਤੇ ਸਾਰੇ ਕਮਰਿਆਂ ਦੇ ਜ਼ਿੰਦੇ ਟੁੱਟੇ ਹੋਏ ਹਨ ਅਤੇ ਘਰ ਦਾ ਸਮਾਨ ਚੋਰੀ ਹੋਇਆ | ਜਦੋਂ ਮੈਂ ਪਿੰਡ ਭਰੋਮਜਾਰਾ ਪਹੁੰਚ ਕੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਸਮਾਨ ਚੈੱਕ ਕੀਤਾ ਤਾਂ ਦੇਖਿਆ ਕਿ ਜੋ ਘਰ 'ਚ ਮੰਦਿਰ ਬਣਿਆ ਹੋਇਆ ਸੀ, ਜਿਸ ਵਿੱਚੋਂ ਚਾਂਦੀ ਦੀ ਰਾਧਾਕਿ੍ਸ਼ਨ ਦੀ ਮੂਰਤੀ, ਪਲੇਟ, ਕੌਲੀ, ਗਲਾਸ ਗ਼ਾਇਬ ਸੀ ਅਤੇ ਇਸੇ ਤਰ੍ਹਾਂ ਬਾਸਕ ਬੈੱਡ ਵਿੱਚੋਂ ਗੋਦਰੇਜ ਦਾ ਇਲੈਕਟ੍ਰਾਨਿਕ ਲਾਕਰ ਗ਼ਾਇਬ, ਜਿਸ 'ਚ ਸੋਨੇ ਦੇ ਗਹਿਣੇ ਜਿਵੇਂ ਕਿ ਇੱਕ ਕੜਾ, ਇੱਕ ਬਰੈਸਲਿੱਟ, ਤਿੰਨ ਮੁੰਦਰੀਆਂ ਜੈਂਸਟ, ਇੱਕ ਮੁੰਦਰੀ ਸਟੋਨ ਵਾਲੀ, 2500 ਕਨੇਡੀਅਨ ਡਾਲਰ, ਸਵਾ ਲੱਖ ਰੁਪਏ ਸੀ ਅਤੇ ਅਲਮਾਰੀ ਤੋੜ ਕੇ ਇੱਕ ਐੱਚ.ਪੀ ਦਾ ਲੈਪਟਾਪ, ਸੈਮਸੰਗ ਗਲੈਕਸੀ ਮੋਬਾਈਲ ਫੋਨ ਚੋਰੀ ਸਨ | ਇਸ ਸਬੰਧੀ ਪੁਲਿਸ ਥਾਣਾ ਬਹਿਰਾਮ ਨੂੰ ਸੂਚਨਾ ਦੇ ਦਿੱਤੀ ਹੈ | ਏ.ਐੱਸ.ਆਈ ਬਲਿਹਾਰ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਚੋਰਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |