08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਵਾਂਸ਼ਹਿਰ 'ਚ ਭਾਰੀ ਮੀਂਹ ਨੇ ਪਿੰਡਾਂ 'ਚ ਮਚਾਈ ਤਬਾਹੀ

ਅਜੀਤ ਡੈਸਕ 02-09-2025
ਨਵਾਂਸ਼ਹਿਰ ਦੀਆਂ ਸੜਕਾਂ 'ਚ ਭਰਿਆ ਹੋਇਆ ਪਾਣੀ, ਡਿੱਗੇ ਹੋਏ ਦਰੱਖ਼ਤ ਤੇ ਵੈਦਾਂ ਮੁਹੱਲੇ 'ਚ ਡਿੱਗੀ ਹੋਈ ਪੁਰਾਣੀ ਇਮਾਰਤ |


ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਇਕ ਵਾਰ ਤਾਂ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ | ਸ਼ਹਿਰ ਦੇ ਹਰ ਮਹੱਲੇ ਦੀਆਂ ਗਲੀਆਂ 'ਚ ਪਾਣੀ ਨੇ ਨਹਿਰੀ ਰੂਪ ਧਾਰਿਆ ਹੋਇਆ ਹੈ | ਲੋਕਾਂ ਦੇ ਕਾਰੋਬਾਰ ਜਿਥੇ ਠੱਪ ਹੋ ਕੇ ਰਹਿ ਗਏ, ਉਥੇ ਨਾਲ ਦੇ ਪਿੰਡਾਂ 'ਚ ਪਾਣੀ ਦੇ ਵਹਾਅ ਕਾਰਨ ਘਰ ਵੀ ਡੁੱਬ ਰਹੇ ਹਨ | ਫ਼ਸਲਾਂ ਵੀ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਜਾ ਰਹੇ ਹਨ | ਮਹਿੰਦੀਪੁਰ ਰੋਡ 'ਤੇ ਡਾਕਟਰ ਨਛੱਤਰਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨੇ ਰਸਤੇ ਦੀ ਸਫ਼ਾਈ ਕਰਵਾ ਕੇ ਰੁਕੇ ਪਾਣੀ ਦੇ ਬੰਨ੍ਹ ਨੂੰ ਤੁੜਵਾਇਆ | ਬੰਗਾ ਗੋਪਾਲਪੁਰ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਨਾਲ ਲੱਗਦੇ ਪਿੰਡਾਂ 'ਚ ਪਾਣੀ ਆਉਣ ਕਾਰਨ ਸਹਿਮ ਪਾਇਆ ਜਾ ਰਿਹਾ ਹੈ | ਪਿੰਡ ਬਘੋਰਾ, ਮਹਿੰਦੀਪੁਰ, ਗੁਜਰਪੁਰ, ਕਾਹਮਾ, ਜੱਬੋਵਾਲ ਆਦਿ ਪਿੰਡਾਂ 'ਚ ਪਾਣੀ ਦੀ ਮਾਰ ਜ਼ਿਆਦਾ ਪੈ ਰਹੀ ਹੈ | ਨਵਾਂਸ਼ਹਿਰ ਦੇ ਗੜ੍ਹਸ਼ੰਕਰ ਰੋਡ 'ਤੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਸੜਕਾਂ ਦਾ ਨਾਮੋ-ਨਿਸ਼ਾਨ ਵੀ ਨਹੀਂ ਦਿਸ ਰਿਹਾ | ਨਵਾਂਸ਼ਹਿਰ ਦਾ ਤਹਿਸੀਲ ਕੰਪਲੈਕਸ, ਸ਼ੂਗਰ ਮਿੱਲ, ਸਿਵਲ ਹਸਪਤਾਲ ਮਾਰਗ, ਰੇਲਵੇ ਰੋਡ, ਕੋਠੀ ਰੋਡ, ਚੰਡੀਗੜ੍ਹ ਰੋਡ, ਡਾਕਟਰ ਅੰਬੇਡਕਰ ਚੌਂਕ, ਬੱਸ ਸਟੈਂਡ, ਮੁਹੱਲਾ ਕੱਲਰਾਂ 'ਚ ਪਾਣੀ ਜ਼ਿਆਦਾ ਆਉਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ | ਨਵਾਂਸ਼ਹਿਰ ਦੇ ਬੰਗਾ ਰੋਡ, ਬਰਨਾਲਾ ਰੋਡ 'ਤੇ ਵੱਡੇ ਦਰੱਖ਼ਤ ਡਿੱਗਣ ਕਾਰਨ ਆਵਾਜਾਈ ਵੀ ਠੱਪ ਰਹੀ | ਨਵਾਂਸ਼ਹਿਰ ਨਾਲ ਪੈਂਦੇ ਧੈਗੜਪੁਰ, ਤਾਜਪੁਰ, ਧੁੱਸੀ ਬੰਨ੍ਹ 'ਤੇ ਇਸ ਸਮੇਂ ਮੰਡਰਾ ਰਹੇ ਖ਼ਤਰੇ ਤੋਂ ਵੀ ਲੋਕ ਸਹਿਮੇ ਹੋਏ ਹਨ | ਅਧਿਕਾਰੀਆਂ ਵਲੋਂ ਭਾਵੇਂ ਦੌਰੇ ਕੀਤੇ ਜਾ ਰਹੇ ਹਨ ਪਰ ਪਹਿਲਾਂ ਅਗਾੳਾੂ ਪ੍ਰਬੰਧ ਨਾ ਹੋਣ ਕਾਰਨ ਲੋਕ ਸਰਕਾਰ ਨੂੰ ਕੋਸ ਰਹੇ ਹਨ | ਨਵਾਂਸ਼ਹਿਰ ਦੇ ਵੈਦਾਂ ਮਹੱਲੇ 'ਚ ਪੁਰਾਣੀ ਇਮਾਰਤ ਦੀਆਂ ਕੰਧਾਂ ਡਿੱਗਣ ਕਾਰਨ ਰਸਤਾ ਜਾਮ ਰਿਹਾ | ਲਗਾਤਾਰ ਪੈ ਰਹੇ ਮੀਂਹ ਕਾਰਨ ਇਸ ਸਮੇਂ ਦੁਕਾਨਦਾਰੀ 'ਤੇ ਵੀ ਭਾਰੀ ਅਸਰ ਪੈ ਰਿਹਾ ਹੈ | ਜ਼ਿਆਦਾਤਰ ਨਵਾਂਸ਼ਹਿਰ ਦਾ ਰੇਲਵੇ ਰੋਡ ਇਸ ਸਮੇਂ ਕੁੰਭੀ ਨਰਕ ਬਣਿਆ ਹੋਇਆ ਹੈ ਜੋ ਇਸ ਸਮੇਂ ਬੁਰੀ ਤਰ੍ਹਾਂ ਟੁੱਟਿਆ ਹੋਣ ਕਰਕੇ ਉੱਥੋਂ ਦੀ ਲੰਘਣਾ ਵੀ ਮੁਸ਼ਕਿਲ ਹੈ | ਇੱਥੇ ਹਰ ਵਾਹਨ ਇਸ ਸਮੇਂ ਭਾਰੀ ਮੀਂਹ ਕਾਰਨ ਫਸ ਰਿਹਾ ਹੈ ਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ |
ਪਿਛਲੀ ਖ਼ਬਰ ਜੇ. ਪੀ. ਜੀ. ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ ਅਗਲੀ ਖ਼ਬਰ ਪਠਲਾਵਾ ਪਿੰਡ 'ਚ ਬਣੀ ਹੜ੍ਹ ਵਰਗੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।