ਸੜੋਆ, 20 ਜੁਲਾਈ (ਹਰਮੇਲ ਸਹੂੰਗੜਾ)-ਪੰਜਾਬ 'ਚ ਪੰਚਾਇਤੀ ਚੋਣਾਂ ਹੋਈਆਂ ਨੂੰ ਲਗਭਗ 9 ਮਹੀਨੇ ਦੇ ਕਰੀਬ ਹੋ ਚੁੱਕੇ ਹਨ ਤੇ ਜਦ ਕਿ ਬਲਾਕ ਸੜੋਆ 'ਚ ਪੈਂਦੇ ਪਿੰਡ ਸਹੂੰਗੜਾ ਵਿਖੇ ਕਰੀਬ ਤਿੰਨ ਮਹੀਨੇ ਪਹਿਲਾਂ ਜੋ ਪਿੰਡ ਦੀ ਲਿੰਕ ਸੜਕ ਤੋਂ ਲੈ ਕੇ ਝੁੰਗੀਆਂ ਵਾਲੀ ਸਾਈਡ 'ਤੇ ਵਸੇ ਕੁੱਝ ਘਰਾਂ ਲਈ ਕਾਂਗਰਸ ਸਰਕਾਰ ਵਲੋਂ ਇਸ ਗਲੀ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਲਈ ਕਿਹਾ ਗਿਆ ਸੀ ਅਤੇ ਇਸ ਲਈ ਗਰਾਂਟ ਵੀ ਜਾਰੀ ਕੀਤੀ ਗਈ ਸੀ | ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਪਹਿਲੀ ਪੰਚਾਇਤ ਵਲੋਂ ਕੱਚੀ ਗਲੀ ਨਾ ਬਣਾਏ ਜਾਣ ਕਰਕੇ ਉਹ ਸਾਈਡ ਦੇ ਘਰਾਂ ਵਾਲਿਆਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | 'ਆਪ' ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੇ ਕਿਹਾ ਸੀ ਕਿ ਪਿੰਡਾਂ ਦੇ ਵਿਕਾਸ ਦੇ ਕੰਮਾਂ-ਕਾਰਜਾਂ 'ਚ ਤੇਜ਼ੀ ਲਿਆਂਦੀ ਜਾਵੇਗੀ | ਸਰਪੰਚ ਨੇ ਇਹ ਵੀ ਦੱਸਿਆ ਹੈ ਕਿ ਸੰਬੰਧਿਤ ਪੰਚਾਇਤ ਵਿਭਾਗ ਵਲੋਂ ਇਸ ਗਲੀ ਨੂੰ ਟਰੈਕਟਰ ਨਾਲ ਪੁੱਟ ਕੇ, ਇੱਟਾਂ ਤੇ ਇੰਟਰਲਾਕ ਸੜਕ ਦੇ ਸਾਈਡਾਂ 'ਤੇ ਰਖਵਾ ਕੇ ਕੰਮ ਸ਼ੁਰੂ ਕਰਨ ਦੀ ਗੱਲ ਆਖੀ ਸੀ, ਜੋ ਕਿ ਅਜੇ ਤੱਕ ਤਿੰਨ ਮਹੀਨੇ ਬੀਤ ਜਾਣ ਤੱਕ ਪਿੰਡ ਦੇ ਦੋਵਾਂ ਕੰਮਾਂ 'ਚੋਂ ਇੱਕ ਕੰਮ ਵੀ ਸਿਰੇ ਨਹੀਂ ਚੜਿ੍ਹਆ, ਪਹਿਲਾ ਕੰਮ ਪਿੰਡ ਦੇ ਗੁਰੂ ਰਵਿਦਾਸ ਗੁਰਦੁਆਰਾ ਸਭਾ ਦੇ ਕੋਲ ਪੁੱਟੀ ਗਈ ਸੜਕ 'ਤੇ ਗਟਕਾ ਪਾਏ ਨੂੰ ਤਿੰਨ ਮਹੀਨੇ ਦੇ ਕਰੀਬ ਹੋ ਚੱਲੇ ਹਨ, ਪੰਚਾਇਤ ਵਿਭਾਗ ਵਲੋਂ ਇਸ ਸੜਕ ਨੂੰ ਕੰਕਰੀਟ ਪਵਾਉਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ | ਸਰਪੰਚ ਨੇ ਇਹ ਵੀ ਦੱਸਿਆ ਹੈ ਕਿ ਬੀ.ਡੀ.ਪੀ.ਓ ਦਫ਼ਤਰ 'ਚ ਅਸੀਂ ਗੇੜੇ ਮਾਰ-ਮਾਰ ਥੱਕ ਗਏ ਹਾਂ, ਪਰ ਸੰਬੰਧਿਤ ਵਿਭਾਗ ਕਰਮਚਾਰੀਆਂ ਦੇ ਸਿਰ 'ਤੇ ਕੋਈ ਜੂ ਵੀ ਨਹੀਂ ਸਰਕੀ | ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕਰਦੇ ਹਾਂ ਤਾਂ ਠੇਕੇਦਾਰ ਵੀ ਸਾਨੂੰ ਕੋਈ ਅਤਾ-ਪਤਾ ਨਹੀਂ ਦੱਸ ਰਿਹਾ |