ਕਾਠਗੜ੍ਹ, 20 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਸ਼੍ਰੀਆਂਸ ਪੇਪਰ ਮਿੱਲ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਅਤੇ ਜਨਰਲ ਸਕੱਤਰ ਹਰੇ ਰਾਮ ਯਾਦਵ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਪਰ ਮਿੱਲ ਬਨਾਂ ਦੀ ਮੈਨੇਜਮੈਂਟ ਫੈਕਟਰੀ ਕਾਨੂੰਨ ਦੇ ਉਲਟ ਗੈਰ ਕਾਨੂੰਨੀ ਤੌਰ 'ਤੇ 60 ਸਾਲ ਤੋਂ ਬਾਅਦ ਰਿਟਾਇਰਡ ਹੋਏ ਵਰਕਰਾਂ ਨੂੰ ਦੁਬਾਰਾ ਕੰਮ 'ਤੇ ਰੱਖ ਰਹੇ ਹਨ | ਜੋ ਕਿ ਗੈਰਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਗੈਰ ਕਾਨੂੰਨੀ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀ ਕਰੇਗੀ | ਉਨ੍ਹਾਂ ਕਿਹਾ ਕਿ ਫੈਕਟਰੀ ਦੇ ਰੂਲ ਤਾਂ ਇਹ ਕਹਿੰਦੇ ਹਨ ਕਿ ਰਿਟਾਇਰਡ ਵਰਕਰਾਂ ਦੀ ਥਾਂ 'ਤੇ ਡੇਲੀਵੇਜ਼ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਧੱਕੇਸ਼ਾਹੀ ਕਰਕੇ ਸਰਕਾਰ ਵਲੋਂ ਨਿਯਮਤ ਕੀਤੀ ਦਿਹਾੜੀ ਵੀ ਡੇਲੀਵੇਜ਼ ਵਰਕਰਾਂ 'ਤੇ ਲਾਗੂ ਨਹੀਂ ਕਰ ਰਹੀ | ਸਰਕਾਰ ਨੇ 422 ਰੁਪਏ ਤੈਅ ਕੀਤੇ ਹਨ | ਪਰ ਮੈਨੇਜਮੈਂਟ 375 ਦੇ ਰਹੀ ਹੈ | ਜੋ ਕਿ ਗਰੀਬ ਵਰਕਰਾਂ ਨਾਲ ਬੇਇਨਸਾਫੀ ਤੇ ਧੱਕੇਸ਼ਾਹੀ ਹੈ | ਸਾਥੀ ਸੁਖਦੇਵ ਤੇ ਹਰੇ ਰਾਮ ਯਾਦਵ ਨੇ ਮੈਨੇਜਮੈਂਟ 'ਤੇ ਇਹ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਡੇਲੀ ਵਰਕਰਾਂ ਨਾਲ ਬੇਇਨਸਾਫੀ ਅਤੇ ਧੱਕੇਸ਼ਾਹੀ ਕਰ ਰਹੀ ਹੈ | ਸਾਥੀ ਸੁਖਦੇਵ ਤੇ ਹਰੇ ਰਾਮ ਯਾਦਵ ਨੇ ਮੈਨੇਜਮੈਂਟ 'ਤੇ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਡੇਲੀਵੇਜ ਵਰਕਰਾਂ 'ਤੇ ਈ. ਐਸ. ਆਈ ਸਕੀਮ ਵੀ ਲਾਗੂ ਨਹੀਂ ਕਰ ਰਹੀ | ਡੇਲੀ ਵੇਜ ਵਰਕਰਾਂ ਦਾ ਫੰਡ ਵੀ ਨਹੀਂ ਕੱਟਿਆ ਜਾ ਰਿਹਾ ਜੋ ਕਿ ਫੈਕਟਰੀ ਦੇ ਨਿਯਮਾਂ ਦੇ ਬਿਲਕੁੱਲ ਉਲਟ ਹੈ | ਇਸ ਮੌਕੇ ਜਥੇਬੰਦੀ ਦੇ ਕੈਸ਼ੀਅਰ ਚੰਦਰ ਯਾਦਵ ਅਤੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਹਾਜ਼ਰ ਸਨ |