ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਦੇ ਕੰਮਾਂ ਲਈ ਸੈਨੇਟ ਅਤੇ ਸਿੰਡੀਕੇਟ ਨੂੰ ਕੇਂਦਰ ਸਰਕਾਰ ਵਲੋਂ ਭੰਗ ਕਰ ਦੇਣ ਵਾਲਾ ਫ਼ੈਸਲਾ ਪੰਜਾਬੀਆਂ ਨਾਲ ਧੱਕੇਸ਼ਾਹੀ ਹੈ, ਪੁਰਾਣੀ ਸੈਨੇਟ ਤੇ ਸਿੰਡੀਕੇਟ ਮੁੜ ਬਹਾਲੀ ਲਈ 10 ਨਵੰਬਰ ਨੂੰ ਹੋਣ ਵਾਲੇ 'ਯੂਨੀਵਰਸਿਟੀ ਬਚਾਓ ਮੋਰਚਾ' ਨੂੰ ਪੂਰਾ ਸਹਿਯੋਗ ਹੋਵੇਗਾ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਸੀਨੀਅਰ ਆਗੂ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ | ਐੱਮ.ਐੱਲ.ਏ. ਇਯਾਲੀ ਨੇ ਕਿਹਾ ਕਿ ਭਾਰੀ ਵਿਰੋਧ ਬਾਅਦ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕਰਨ ਲਈ ਭਾਵੇਂ ਰੋਕ ਲਗਾ ਦਿੱਤੀ, ਪਰ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ | ਇਯਾਲੀ ਨੇ ਕਿਹਾ ਕਿ ਲੋਕ ਰੋਹ ਅੱਗੇ ਝੁਕਦਿਆਂ ਕੇਂਦਰ ਵਲੋਂ ਪ੍ਰਬੰਧਕੀ ਢਾਂਚੇ ਨੂੰ ਲੈ ਕੇ ਨੋਟੀਫਿਕੇਸ਼ਨ ਬਾਰੇ ਵਿਆਪਕ ਸਲਾਹ ਦੀ ਗੱਲ ਕੀਤੀ, ਅਜਿਹਾ ਪਹਿਲਾਂ ਵੀ ਹੋ ਸਕਦਾ ਸੀ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ 'ਤੇ ਇਕ ਡਾਕਾ ਮਾਰ ਰਹੀ ਹੈ, ਕੇਂਦਰ ਵਲੋਂ ਯੂਨੀਵਰਸਿਟੀ ਸਬੰਧੀ ਨਵੇਂ ਨੋਟੀਫਿਕੇਸ਼ਨ ਵਿਚ ਸੈਨੇਟ ਮੈਂਬਰਾਂ ਦੀ ਗਿਣਤੀ ਅੱਧ ਨਾਲੋਂ ਘੱਟ ਕਰ ਦੇਣਾ ਬੇਹੱਦ ਦੁਖਦਾਇਕ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੇਂਦਰ ਦੇ ਨਵੇਂ ਫ਼ੈਸਲੇ ਨਾਲ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਜਿਥੇ ਢਾਹ ਲੱਗੇਗੀ, ਉੱਥੇ ਵਿਦਿਆਰਥੀ ਜਥੇਬੰਦੀਆਂ ਆਪਣੇ ਹੱਕਾਂ ਤੋਂ ਵਾਂਝਾ ਹੋਣਗੀਆਂ |