02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਇਓ ਗੈਸ ਪਲਾਂਟ ਖ਼ਿਲਾਫ਼ ਅਖਾੜਾ ਵਾਸੀਆਂ ਨੇ ਜਗਰਾਉਂ-ਹਠੂਰ ਰੋਡ ਕੀਤਾ ਜਾਮ

ਅਜੀਤ ਡੈਸਕ 01-09-2025
ਜਗਰਾਉਂ, 31 ਅਗਸਤ (ਗੁਰਦੀਪ ਸਿੰਘ ਮਲਕ)-ਬਾਇਓ ਗੈਸ ਪਲਾਂਟ ਖ਼ਿਲਾਫ਼ ਲੋਕ ਰੋਹ ਭਖਦਾ ਨਜ਼ਰ ਆ ਰਿਹਾ ਹੈ | ਇਸ ਸਬੰਧੀ ਪਿੰਡ ਅਖਾੜਾ ਵਾਸੀਆਂ ਨੇ ਲਾਮਿਸਾਲ ਰੋਸ ਮੁਜ਼ਾਹਰਾ ਕਰਦਿਆਂ ਕੁਝ ਸਮੇਂ ਲਈ ਜਗਰਾਉਂ-ਹਠੂਰ ਰੋਡ ਬੰਦ ਕਰਕੇ ਆਵਾਜਾਈ ਰੋਕ ਦਿੱਤੀ ਅਤੇ ਪੰਜਾਬ ਸਰਕਾਰ ਤੇ ਜਗਰਾਉਂ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪਿੰਡ ਵਾਸੀਆਂ ਨੇ ਸੁੱਤੇ ਪਏ ਪ੍ਰਸ਼ਾਸਨ ਨੂੰ ਜਗਾਉਣ ਦੇ ਜਾਗੋ ਦੇ ਰੂਪ 'ਚ ਲੋਕ ਹੋਕਾ ਮਾਰਚ ਵੀ ਕੱਢਿਆ | ਇਸ ਮਾਰਚ ਵਿਚ ਪਿੰਡ ਦੀਆਂ ਬੀਬੀਆਂ ਨੇ ਵਿਸ਼ਾਲਤਾ ਨਾਲ ਸ਼ਮੂਲੀਅਤ ਕਰਦਿਆਂ ਝੰਡੇ ਫੜਕੇ ਖੁਦ ਮਾਰਚ ਦੀ ਅਗਵਾਈ ਕੀਤੀ | ਇਹ ਮਾਰਚ ਪੰਜਾਬ ਸਰਕਾਰ ਮੁਰਦਾਬਾਦ ਤੇ ਜਗਰਾਉਂ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਬੁਲੰਦ ਕਰਦਾ ਪਿੰਡ ਦੇ ਪ੍ਰਮੁੱਖ ਸੰਤ ਗਿਆਨੀ ਗੁਰਬਚਨ ਸਿੰਘ ਯਾਦਗਾਰੀ ਗੇਟ ਤੋਂ ਅਰੰਭ ਹੋ ਕੇ ਪੂਰੇ ਪਿੰਡ 'ਚ ਦੀ ਹੁੰਦਾ ਹੋਇਆ ਜਗਰਾਉਂ-ਹਠੂਰ ਰੋਡ 'ਤੇ ਆ ਕੇ ਰੁਕਿਆ, ਜਿੱਥੇ ਲਗਭਗ ਇਕ ਘੰਟਾ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਵਾਤਾਵਰਣ ਦਾ ਅਤਿਅੰਤ ਗੰਭੀਰ ਮੁੱਦਾ ਹੈ, ਪ੍ਰੰਤੂ ਪੰਜਾਬ ਸਰਕਾਰ ਅਤੇ ਜਗਰਾਉਂ ਪ੍ਰਸ਼ਾਸਨ ਇਸ ਪਲਾਂਟ ਦੇ ਮਾਮਲੇ ਨੂੰ ਜਾਣ-ਬੁੱਝਕੇ ਲਮਕਾ ਕੇ ਲੋਕਾਂ ਦਾ ਸਮਾਂ ਤੇ ਪੂੰਜੀ ਦਾ ਨੁਕਸਾਨ ਕਰ ਰਿਹਾ ਹੈ | ਆਗੂਅਆਂ ਨੇ ਕਿਹਾ ਕਿ ਜਗਰਾਉਂ ਪ੍ਰਸ਼ਾਸਨ ਲਈ ਇਸ ਪਲਾਂਟ ਦਾ ਵਿਵਾਦ ਕੋਈ ਏਜੰਡਾ ਹੀ ਨਹੀਂ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਤਾੜਨਾਂ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਨਾ ਲਿਆ ਤਾਂ ਅਗਲੇ ਦਿਨਾਂ ਵਿਚ ਕਿਸੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਇਸਤਰੀ ਆਗੂ ਸੁਖਦੀਪ ਕੌਰ, ਗੁਰਤੇਜ ਸਿੰਘ, ਇਕਬਾਲ ਸਿੰਘ ਬਰਿਆਰ, ਸੁਖਜੀਤ ਸਿੰਘ, ਪਰਦੀਪ ਸਿੰਘ ਪੰਚ, ਪਿ੍ਤਪਾਲ ਸਿੰਘ, ਗਿਆਨੀ ਸੁਖਦੇਵ ਸਿੰਘ, ਬਿੱਕਰ ਸਿੰਘ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਸਰਾਂ, ਜਗਦੇਵ ਸਿੰਘ, ਬਹਾਦਰ ਸਿੰਘ, ਹਰਦੇਵ ਸਿੰਘ, ਬਲਜੀਤ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਏਕੋਟ ਦੀਆਂ ਸੜਕਾਂ ਦੀ ਹਾਲਤ ਹਾਲੋਂ-ਬੇਹਾਲ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਤਲੁਜ ਦਰਿਆ 'ਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਵਿਸਰਜਨ ਤੋਂ ਗੁਰੇਜ ਕੀਤਾ ਜਾਵੇ-ਡੀ. ਸੀ. ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।