ਚੌਂਕੀਮਾਨ/ਜਗਰਾਉਂ, 19 ਜੁਲਾਈ (ਤੇਜਿੰਦਰ ਸਿੰਘ ਚੱਢਾ, ਗੁਰਦੀਪ ਸਿੰਘ ਮਲਕ)-ਬੀਤੀ ਰਾਤ ਜਗਰਾਉਂ ਪੁਲਿਸ ਨੇ ਪਿੰਡ ਸੋਹੀਆਂ ਵਿਖੇ ਐਂਨਕਾਊਾਟਰ ਵਿਚ ਇਕ ਗੈਂਗਸਟਰ ਦੇ ਲੱਤ ਵਿਚ ਗੋਲੀ ਮਾਰ ਕੇ ਜ਼ਖ਼ਮੀ ਕੀਤਾ | ਇਸ ਸਬੰਧੀ ਥਾਣਾ ਸਦਰ ਜਗਰਾਉਂ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਰੂਮੀ ਵਿਖੇ ਜਤਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਛੱਜਵਾਲ ਦੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਵਿਚ ਉਹ ਵਾਲ-ਵਾਲ ਬਚ ਗਿਆ | ਉਸ ਦੀ ਕਾਰ ਵਿਚ ਗੋਲੀਆਂ ਲੱਗੀਆਂ ਤੇ ਪੁਲਿਸ ਨੇ ਐੱਫ.ਆਈ.ਆਰ ਨੰਬਰ 131, 109 ਬੀ.ਐੱਨ.ਐੱਸ. ਤੇ ਅਸਲਾ ਐਕਟ ਅਧੀਨ ਪਰਚਾ ਦਰਜ ਕਰ ਲਿਆ ਸੀ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਦੇਰ ਰਾਤ ਸੰਗਰੂਰ ਜ਼ਿਲ੍ਹੇ 'ਚੋਂ ਗਿ੍ਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਦੋਨਾਂ ਮੁਲਜ਼ਮਾਂ ਨਾਨਕ ਰਾਮ ਉਰਫ਼ ਨਾਨਕੂ ਵਾਸੀ ਪਿੰਡ ਅੰਨ ਦਾਣਾ (ਖਨੌਰੀ) ਸੰਗਰੂਰ ਅਤੇ ਦੀਪੂ ਉਰਫ਼ ਦੀਪੂ ਸਿੰਘ ਵਾਸੀ ਪਿੰਡ ਚੱਠਾ ਗੋਬਿੰਦਪੁਰ (ਖਨੌਰੀ) ਸੰਗਰੂਰ ਨੂੰ ਖਨੌਰੀ ਨੇੜਿਉਂ ਗਿ੍ਫ਼ਤਾਰ ਕਰਕੇ ਲਿਆ ਰਹੇ ਸਨ ਤਾਂ ਮੁਲਜ਼ਮ ਨਾਨਕ ਰਾਮ ਉਰਫ਼ ਨਾਨਕੂ ਨੇ ਦੱਸਿਆ ਕਿ ਮੈਂ ਪਿਸਤੌਲ ਪਿੰਡ ਸੋਹੀਆਂ ਵਿਖੇ ਧਰਤੀ ਵਿਚ ਦੱਬਿਆ ਹੋਇਆ ਤੇ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੁਲਜ਼ਮ ਨਾਨਕ ਰਾਮ ਉਰਫ਼ ਨਾਨਕੂ ਨੂੰ ਪਿਸਤੌਲ ਬਰਾਮਦ ਕਰਵਾਉਣ ਲਈ ਸੋਹੀਆਂ ਵਿਖੇ ਲੈ ਕੇ ਗਈ ਤਾਂ ਮੁਲਜ਼ਮ ਨਾਨਕ ਰਾਮ ਉਰਫ਼ ਨਾਨਕੂ ਨੇ ਪਿਸਤੌਲ ਧਰਤੀ 'ਚੋਂ ਕੱਢ ਕੇ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ 'ਤੇ ਫਾਇਰ ਕੀਤਾ ਤਾਂ ਉਹ ਵਾਲ-ਵਾਲ ਬਚ ਗਏ ਤੇ ਜਵਾਬੀ ਫਾਈਰਿੰਗ ਵਿਚ ਮੁਲਜ਼ਮ ਨਾਨਕ ਰਾਮ ਉਰਫ਼ ਨਾਨਕੂ ਦੇ ਲੱਤ ਵਿਚ ਗੋਲੀ ਵੱਜੀ | ਪੁਲਿਸ ਐੱਫ.ਆਈ.ਆਰ ਨੰ: 141, 109 ਬੀ.ਐੱਨ.ਐੱਸ ਅਤੇ ਅਸਲਾ ਐਕਟ ਅਧੀਨ ਪਰਚਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |