ਅਧਿਕਾਰੀਆਂ ਨੂੰ ਮੀਟਿੰਗ ਕਰ ਕੇ ਕੀਤੀਆਂ ਸਖ਼ਤ ਹਦਾਇਤਾਂ, ਲਾਪਰਵਾਹ ਅਫ਼ਸਰਾਂ ਵਿਰੁੱਧ ਹੋਵੇਗੀ ਕਾਰਵਾਈ
ਜਗਰਾਉਂ, 19 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਗਰਾਉਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਸ਼ੈਸ਼ਨ ਦੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਵਿਧਾਇਕਾ ਬੀਬੀ ਮਾਣੂੰਕੇ ਨੇ ਮੀਟਿੰਗ ਵਿਚ ਨਗਰ ਕੌਂਸਲ ਜਗਰਾਉਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਤੁਰੰਤ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ | ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਆਖਿਆ ਕਿ ਨਗਰ ਕੌਂਸਲ ਜਗਰਾਉਂ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਅਤੇ ਸਫ਼ਾਈ ਕਰਨ ਵਿਚ ਪੂਰੀ ਤਰ੍ਹਾਂ ਨਕਾਮ ਰਹੀ ਹੈ ਅਤੇ ਜਿਹੜੇ ਵੀ ਅਧਿਕਾਰੀ ਇਸ ਮਾਮਲੇ ਵਿਚ ਜ਼ਿੰਮੇਵਾਰ ਹੋਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਆਖਿਆ ਕਿ ਸ਼ਹਿਰ ਦੇ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਵਿਚਕਾਰ ਭਾਵੇਂ ਕੋਈ ਵੀ ਸਿਆਸੀ ਖਿੱਚੋਤਾਣ ਹੋਵੇ, ਪ੍ਰੰਤੂ ਉਹ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਨਾ ਹੀ ਕੂੜੇ ਦੇ ਮਸਲੇ 'ਤੇ ਕਿਸੇ ਨੂੰ ਸਿਆਸਤ ਕਰਨ ਦੇਣਗੇ | ਉਨ੍ਹਾਂ ਆਖਿਆ ਕਿ ਉਨ੍ਹਾਂ ਵਲੋਂ ਖੁਦ ਯਤਨ ਕਰਕੇ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਕੂੜੇ ਦੀ ਸਾਂਭ-ਸੰਭਾਲ ਲਈ ਨਗਰ ਕੌਂਸਲ ਜਗਰਾਉਂ ਨੂੰ ਟਰੈਕਟਰ, ਲੋਡਰ, ਏਸ ਗੱਡੀਆਂ, ਟਰਾਈ-ਸਾਈਕਲ ਆਦਿ ਪੰਜਾਬ ਸਰਕਾਰ ਪਾਸੋਂ ਮਨਜੂਰ ਕਰਵਾਕੇ ਲਿਆਕੇ ਦਿੱਤੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਲਈ ਕਰੋੜਾਂ ਰੁਪਏ ਦੀ ਕੀਮਤ ਦੀਆਂ ਜੈਟਿੰਗ ਅਤੇ ਸਵਾਈਪਿੰਗ ਮਸ਼ੀਨਾਂ ਮਨਜੂਰ ਕਰਵਾਕੇ ਨਗਰ ਕੌਂਸਲ ਨੂੰ ਦਿੱਤੀਆਂ ਗਈਆਂ ਹਨ ਤਾਂ ਜੋ ਸੀਵਰੇਜ ਅਤੇ ਸੜਕਾਂ ਆਦਿ ਦੀ ਸਫ਼ਾਈ ਕੀਤੀ ਜਾ ਸਕੇ | ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਬੀ.ਡੀ.ਪੀ.ਓ.ਜਗਰਾਉਂ, ਅਸ਼ੋਕ ਕੁਮਾਰ ਐੱਸ.ਆਈ., ਕੁਸ਼ਲ ਸ਼ਰਮਾ ਐੱਸ.ਡੀ.ਓ. ਪ੍ਰਦੂਸ਼ਨ ਕੰਟਰੋਲ, ਜਸਵੰਤ ਸਿੰਘ ਏ.ਡੀ.ਓ, ਅਰੁਨ ਕੁਮਾਰ ਪ੍ਰਧਾਨ ਸਫ਼ਾਈ ਸੇਵਕ, ਹਰੀਸ਼ ਕੁਮਾਰ ਸੈਨਟਰੀ ਇੰਸਪੈਕਟਰ, ਪਰਮਿੰਦਰ ਸਿੰਘ ਜੇਈ ਮੰਡੀ ਬੋਰਡ, ਕਰਮਜੀਤ ਸਿੰਘ ਜੇਈ ਪੀ.ਡਬਲਿਯੂ.ਡੀ, ਨਿਸ਼ਾਂਤ ਗਰਗ ਜੇਈ ਸਵੀਰੇਜ ਆਦਿ ਵੀ ਹਾਜ਼ਰ ਸਨ |
ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਵਿਧਾਇਕਾ ਬੀਬੀ ਮਾਣੂੰਕੇ ਖੁਦ ਚੁਕਵਾਏਗੀ ਕੂੜਾ
ਅਜੀਤ ਡੈਸਕ
20-07-2025