ਮੁੱਲਾਂਪੁਰ-ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਦੁਨੀਆਂ 'ਤੇ ਕਿੰਨੇ ਹੀ ਤਾਨਾਜ਼ਸ਼ਾਹ ਸਿਤਮਗਰ ਹੋਏ, ਜਿੱਤ ਸੱਚਾਈ ਦੀ ਹੀ ਹੁੰਦੀ ਹੈ, ਵਿਧਾਨ ਸਭਾ ਸਾਡਾ ਪਵਿੱਤਰ ਸਦਨ ਹੈ, ਸੈਸ਼ਨ ਦੌਰਾਨ ਮੁੱਖ ਮੰਤਰੀ ਨੂੰ ਹਰ ਇਕ ਦੀ ਨਿੱਜਤਾ ਦਾ ਸਤਿਕਾਰ ਕਰਨਾ ਚਾਹੀਦਾ, ਇਹ ਟਿੱਪਣੀ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਪਿਛਲੇ 4 ਦਿਨ ਦੇ ਸੈਸ਼ਨ ਦੌਰਾਨ ਸੱਤਾਧਿਰ ਪਾਰਟੀ ਦੇ ਆਗੂਆਂ ਵਲੋਂ ਵਿਰੋਧੀ ਧਿਰ ਕਾਂਗਰਸ ਦੇ ਵੱਡੇ ਲੀਡਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਬੀਬਾ ਦੀ ਸ਼ਾਨ ਖ਼ਿਲਾਫ਼ ਵਾਰ-ਵਾਰ ਤੰਜ਼ ਕੱਸੇ ਜਾਣ 'ਤੇ ਕੀਤੀ | ਦਾਖਾ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ 'ਚ ਆਪਸੀ ਮਤਭੇਦ ਹੁੰਦੇ ਹਨ, ਪਰ ਵਿਰੋਧੀਆਂ ਦੇ ਪਰਿਵਾਰਾਂ ਤੱਕ ਪੋਤੜੇ ਫਰੋਲ ਦੇਣਾ, ਉੱਚ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸ਼ੋਭਦਾ ਨਹੀਂ | ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸੈਸ਼ਨ ਦੌਰਾਨ ਹਰ ਪਾਰਟੀ ਦੇ ਆਗੂ ਕੋਲ ਆਪਣੀ ਗੱਲ ਕਹਿਣ ਦਾ ਅਤੇ ਆਪਣਾ ਵਿਰੋਧ ਜਤਾਉਣ ਦਾ ਹੱਕ ਹੁੰਦਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਡੇ ਕੱਦ ਵਾਲੇ ਸਾਰੇ ਆਗੂ ਸੈਸ਼ਨ ਦੌਰਾਨ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਦੇ ਰਸਤੇ ਚੱਲ ਪਏ | ਬੋਲਚਾਲ ਨੂੰ ਲੈ ਕੇ ਹਮੇਸ਼ਾ ਸੰਵੇਦਨਸ਼ੀਲ, ਅਨੁਭਵੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਭਾਰਤੀ ਭਾਸ਼ਾ ਸੰਸਕਾਰਾਂ ਦੀ ਤਰ੍ਹਾਂ ਸ਼ੁੱਧ ਅਤੇ ਆਸਥਾ ਦੀ ਤਰ੍ਹਾਂ ਪਵਿੱਤਰ ਹੁੰਦੀ ਹੈ, ਸਦਨ ਵਿਚ ਕਿਸੇ ਪ੍ਰਤੀ ਕੋਈ ਮਾੜੇ ਸ਼ਬਦ ਨਾ ਵਰਤੇ ਜਾਣ | ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਮੇਹਣੋ-ਮਿਹਣੀ ਹੋਣ ਤੋਂ ਇਲਾਵਾ ਸਰਕਾਰ ਵਲੋਂ ਪੰਜਾਬ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਬਾਰੇ ਕੁਝ ਨਾ ਬੋਲਣਾ, ਦਿਨ-ਦਿਹਾੜੇ ਕਤਲੋ-ਗਾਰਦ ਪ੍ਰਤੀ ਚੁੱਪ ਉੱਪਰ ਵੋਟਰ ਸਵਾਲ ਕਰਦਾ ਹੈ, ਜਿਸ ਦਾ ਜਵਾਬ ਹਰ ਸਰਕਾਰ ਨੂੰ ਅਗਾਮੀ ਚੋਣਾਂ 'ਚ ਦੇਣਾ ਪੈਂਣਾ |