ਚੋਹਲਾ ਸਾਹਿਬ, 16 ਜੁਲਾਈ (ਬਲਵਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਲੰਮੇ ਸਮੇਂ ਤੋਂ ਹਰ ਸਾਲ ਵਾਤਾਵਰਨ ਸੰਭਾਲ ਲਈ ਵੱਡੇ ਪੱਧਰ 'ਤੇ ਸੇਵਾਵਾਂ ਕਰਦੇ ਆ ਰਹੇ ਹਨ | ਇਸ ਹਫਤੇ ਐੱਨ.ਐੱਚ. 54 ਅਤੇ ਚੋਹਲਾ ਸਾਹਿਬ ਤੋਂ ਫਤਿਆਬਾਦ ਸੜਕ 'ਤੇ ਪੌਦੇ ਲਗਾਉਣ ਦੀ ਸੇਵਾ ਚੱਲ ਰਹੀ ਹੈ | ਇਸ ਸੇਵਾ ਨੂੰ ਉਤਸ਼ਾਹਿਤ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਐੱਸ.ਡੀ.ਐੱਮ. ਅਰਵਿੰਦਪਾਲ ਸਿੰਘ ਅਤੇ ਰੀਡਰ ਮਨਿੰਦਰ ਸਿੰਘ ਮੌਕੇ 'ਤੇ ਪਹੁੰਚੇ | ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਬਾਬਾ ਜੀ ਵਾਤਾਵਰਣ ਸਬੰਧੀ ਬਹੁਤ ਸੋਝੀ ਰੱਖਦੇ ਹਨ | ਸੜਕਾਂ ਤਾਂ ਸਰਕਾਰ ਬਣਾ ਦਿੰਦੀ ਹੈ, ਪਰ ਸੜਕਾਂ ਦੇ ਕਿਨਾਰੇ ਰੁੱਖ ਲਗਾਉਣ ਦਾ ਕੰਮ ਅਧੂਰਾ ਰਹਿ ਜਾਂਦਾ ਹੈ | ਅਸੀਂ ਬਾਬਾ ਜੀ ਦੁਆਰਾ ਕੀਤੀ ਜਾ ਰਹੀ ਵਾਤਾਵਰਣ ਸੰਭਾਲ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹਾਂ, ਬਾਬਾ ਜੀ ਨਵੇਂ ਪੌਦੇ ਲਗਾਉਣ ਅਤੇ ਪੌਦਿਆਂ ਨੂੰ ਸੰਭਾਲਣ ਦੀਆਂ ਜੋ ਸੇਵਾਵਾਂ ਕਰ ਰਹੇ ਹਨ, ਇਹ ਬਹੁਤ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ, ਜਿੱਥੇ ਧਾਰਮਿਕ ਪੱਧਰ 'ਤੇ ਵੀ ਵਾਤਾਵਰਣ ਸੰਭਾਲ ਦੇ ਵਿਸ਼ੇਸ਼ ਯਤਨਾਂ ਨਾਲ ਹਰਿਆਵਲ ਲਹਿਰ ਨੂੰ ਅੱਗੇ ਤੋਰਿਆ ਜਾ ਰਿਹਾ ਹੈ | ਬਾਬਾ ਜੀ ਵਲੋਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਬੂਟੇ ਲਗਾਏ ਜਾਂਦੇ ਹਨ | ਵਰਖਾ ਰੁੱਤ ਦੀ ਸ਼ੁਰੂਆਤ ਹੁੰਦਿਆਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਹ ਕਾਰਜ ਆਰੰਭ ਕਰ ਦਿੱਤਾ ਜਾਂਦਾ ਹੈ | ਪੰਜਾਬ ਵਿਚ ਪੌਦੇ ਲਗਾਉਣ ਦੇ ਢੁਕਵੇਂ ਸਮੇਂ ਨੂੰ ਵਰਤਦਿਆਂ ਜੁਲਾਈ ਅਤੇ ਅਗਸਤ ਮਹੀਨੇ ਵਿਚ ਇਹ ਸੇਵਾ ਕਾਰਜ ਵੱਡੇ ਪੱਧਰ 'ਤੇ ਚੱਲਦਾ ਰਹਿੰਦਾ ਹੈ | ਸੰਗਤਾਂ ਨਾਲ ਸੰਤ ਬਾਬਾ ਸੁੱਖਾ ਸਿੰਘ ਖੁਦ ਹੱਥੀਂ ਸੇਵਾ ਵਿਚ ਜੁੱਟੇ ਰਹੇ | ਇਸ ਮੌਕੇ ਸੇਵਾ ਕਰਨ ਵਾਲੀ ਸੰਗਤ ਵਿਚ ਪਿੰਡ ਰੂੜੀਵਾਲਾ, ਦਦੇਹਰ ਸਾਹਿਬ, ਰੱਤੋਕੇ ਅਤੇ ਹੋਰ ਕਈ ਪਿੰਡਾਂ ਦੇ ਨੌਜਵਾਨ ਸਵੇਰੇ 9 ਵਜੇ ਤੋਂ ਦੇਰ ਰਾਤ ਤੱਕ ਸੇਵਾ ਕਰਨ ਲਈ ਰੋਜ਼ਾਨਾ ਹਾਜ਼ਰ ਹੋ ਰਹੇ ਹਨ | ਸਮਾਜ ਸੇਵੀ ਅਰਜਨ ਸਿੰਘ ਸੰਧੂ ਅਤੇ ਵੱਖ-ਵੱਖ ਨਗਰਾਂ ਤੋਂ ਹੋਰ ਕਈ ਸ਼ਰਧਾਲੂ ਸੇਵਾ ਵਿਚ ਰੋਜ਼ਾਨਾ ਹਾਜ਼ਰ ਹੁੰਦੇ ਹਨ |