ਮੁੱਲਾਂਪੁਰ-ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੰਡਿਆਣੀ ਦੇ ਗੁਰਦੁਆਰਾ ਨਾਨਕ ਨਾਮ ਚੜ੍ਹਦੀ ਕਲਾ ਸਾਹਿਬ ਵਿਖੇ ਲਿਵਿੰਗ ਸਕਸੈੱਸਫੁਲੀ ਫਾਊਾਡੇਸ਼ਨ ਲੁਧਿਆਣਾ ਵਲੋਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਮੋਗਾ ਦੇ ਸਹਿਯੋਗ ਨਾਲ 'ਸੀਰਤ ਤੇ ਸੋਚ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਸਰਕਾਰੀ ਹਾਈ ਸਕੂਲ ਮੰਡਿਆਣੀ ਦੇ ਵਿਦਿਆਰਥੀਆਂ, ਪਿੰਡ ਦੇ ਪਤਵੰਤਿਆਂ ਨੇ ਹਿੱਸਾ ਲਿਆ | ਵਰਕਸ਼ਾਪ ਦੇ ਮੁੱਖ ਬੁਲਾਰੇ ਵਜੋਂ ਡਾ: ਪਸ਼ਪਿੰਦਰ ਸਿੰਘ, ਗੁਰਬੰਸ ਸਿੰਘ (ਯੂ.ਕੇ), ਮਾ: ਭੁਪਿੰਦਰ ਸਿੰਘ ਚੰਗਣ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਇਕੱਤਰਤਾ ਨੂੰ ਸੰਬੋਧਨ ਸਮੇਂ ਡਾ: ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਚਿਹਰਾ ਸਾਡੇ ਸਰੀਰ ਦਾ ਸ਼ੀਸ਼ਾ ਹੁੰਦਾ ਹੈ, ਦਿਲ ਤੋਂ ਸਮਾਜ ਲਈ ਕੁਝ ਚੰਗਾ ਕਰਨ ਵਾਲਿਆਂ ਦੇ ਚਿਹਰੇ ਸ਼ਾਂਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੋਚ ਚੰਗੀ ਹੈ ਤਾਂ ਉਸ ਦਾ ਪ੍ਰਭਾਵ ਸਾਡੇ ਚਿਹਰੇ ਦੀ ਤਾਜ਼ਗੀ ਤੋਂ ਸਾਫ਼ ਵੇਖਣ ਨੂੰ ਮਿਲ ਜਾਂਦਾ ਹੈ, ਇਸ ਲਈ ਹਮੇਸ਼ਾਂ ਚੰਗੀ ਅਤੇ ਸਾਕਾਰਾਤਾਮਕ ਸੋਚ ਰੱਖੀ ਜਾਵੇ | ਗੁਰਬੰਸ ਸਿੰਘ (ਯੂ.ਕੇ) ਨੇ ਕਿਹਾ ਕਿ ਸਮਾਜ ਵਿਚ ਵਿਚਰਦਿਆਂ ਚੰਗੇ ਕੰਮਾਂ ਨੂੰ ਪਹਿਲ ਦਿੱਤੀ ਜਾਵੇ, ਚੰਗੇ ਕੰਮ ਅਤੇ ਚੰਗੀ ਸੋਚ ਸਦਕਾ ਤੁਹਾਡੇ ਚਿਹਰੇ ਦੇ ਹਾਵ-ਭਾਵ ਬਹੁਤ ਸਹਿਜ ਹੋਣਗੇ | ਮੰਚ ਸੰਚਾਲਕ ਮੈਡਮ ਸੋਨੀਆ, ਹਰਬੰਤ ਸਿੰਘ ਵਲੋਂ ਵਰਕਸ਼ਾਪ ਦੇ ਬੁਲਾਰਿਆਂ, ਹਾਜ਼ਰੀਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਕਾਸ਼ ਕੌਰ, ਨਿਰਮਲ ਸਿੰਘ, ਬਲਵੀਰ ਸਿੰਘ, ਕੈਪਟਨ ਅਮਰ ਸਿੰਘ, ਮਲਕੀਤ ਸਿੰਘ, ਹਰਮੋਹਨ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਹਰਕਮਲ ਸਿੰਘ, ਹੋਰ ਮੌਜੂਦ ਸਨ |