ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਅੱਜ ਜਿਲ੍ਹਾ ਹੁਸ਼ਿਆਰਪੁਰ ਦੀਆ ਗੰਨਾ ਬੈਲਟ ਦੀਆ ਸਮੂਹ ਜਥੇਬੰਦੀਆਂ ਵਲੋਂ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬੀ.ਕੇ.ਯੂ ਦੋਆਬਾ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਬੀ.ਕੇ.ਯੂ ਕਾਦੀਆਂ ਜਿਲਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ, ਆਜ਼ਾਦ ਕਿਸਾਨ ਕਮੇਟੀ ਦੋਆਬਾ ਪ੍ਰਧਾਨ ਹਰਪਾਲ ਸਿੰਘ ਸੰਘਾ, ਪਗੜ੍ਹੀ ਸੰਭਾਲ ਜੱਟਾ ਲਹਿਰ ਬਲਜਿੰਦਰ ਸਿੰਘ ਚੀਮਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਰੋਸ਼ਨ ਖ਼ਾਨ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਦੇ ਸਾਹਮਣੇ ਗੰਨੇ ਦੀ ਬਕਾਇਆ ਰਾਸ਼ੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਨਵੇਂ ਗੰਨੇ ਦੇ ਸੀਜਨ ਦੀ ਸ਼ੁਰੂਆਤ ਨਵੰਬਰ ਮਹੀਨੇ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਮਿੱਲਾਂ ਨੂੰ ਚਾਲੂ ਕਰਨ ਦਾ ਕੋਈ ਨੋਟੀਫਿਕੇਟਸ਼ਨ ਜ਼ਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ ਪਿਛਲੇ ਗੰਨੇ ਦੇ ਸੀਜਨ ਦੀ ਬਕਾਇਆ ਰਾਸ਼ੀ ਰਹਿੰਦੀ ਹੈ, ਜੋ ਕਿ ਹਾਲੇ ਤੱਕ ਵੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿਚ 15 ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧੇ ਦਾ ਐਲਾਨ ਕੀਤਾ ਸੀ ਪਰੰਤੂੁ ਪੰਜਾਬ ਸਰਕਾਰ ਵਲੋਂ ਇਸ ਸੰਬੰਧੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਪਿੱਛਲੇ ਸਾਲ ਦੇ ਬਕਾਏ ਦੀ ਰਾਸ਼ੀ ਤਕਰੀਬਨ ਜਾਰੀ ਕਰਨ, ਗੰਨੇ ਦੇ ਭਾਅ 'ਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਮਿੱਲਾਂ ਨੂੰ ਚਲਾਉਣ ਦੀ ਤਰੀਕ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 20 ਨਵੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੇ ਨਾਲ-ਨਾਲ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 21 ਨਵੰਬਰ ਨੂੰ ਵੱਡੇ ਪੱਧਰ ਤੇ ਜਲੰਧਰ 'ਚ ਧੰਨੋਵਾਲੀ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ,ਸਤਪਾਲ ਸਿੰਘ ਡਗਾਣਾ, ਗੁਰਵਿੰਦਰ ਸਿੰਘ ਖੰਗੂੜਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਸੰਧੂ ਸਰਕਲ ਪ੍ਰਧਾਨ ਦਸੂਆ,ਬਲਵੀਰ ਸਿੰਘ ਸੋਹੀਆਂ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕੁਰਾਲਾ , ਅਵਤਾਰ ਸਿੰਘ ਭਲਾਕੀ ਸਰਕਲ ਪ੍ਰਧਾਨ ਮੁਕੇਰੀਆਂ, ਮਨਪ੍ਰੀਤ ਸਿੰਘ ਲਾਡਾ ਸਰਕਲ ਪ੍ਰਧਾਨ ਉੱਚੀ ਬੱਸੀ,ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ ਗੜ੍ਹਦੀਵਾਲਾ, ਮਹਿਤਾਬ ਸਿੰਘ ਹੁੰਦਲ ਕੋਰ ਕਮੇਟੀ ਮੈਂਬਰ, ਰਾਜ ਸਿੰਘ ਵਿਰਕ ਸਿਟੀ ਪ੍ਰਧਾਨ ਟਾਂਡਾ ਆਦਿ ਸਮੇਤ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
19-11-2025