ਹੁਸ਼ਿਆਰਪੁਰ, 18 ਨਵੰਬਰ (ਨਰਿੰਦਰ ਸਿੰਘ ਬੱਡਲਾ,ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਜਿੱਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਕੂਲਾਂ ਅਤੇ ਦਫ਼ਤਰਾਂ ਵਿਚ ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਦੀ ਅਗਵਾਈ ਹੇਠ ਫੂਕੀਆਂ ਗਈਆਂ | ਇਸ ਮੌਕੇ ਉਪਰੋਕਤ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਪਿ੍ਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਅਧੂਰਾ ਨੋਟੀਫ਼ਿਕੇਸ਼ਨ ਮੁੱਖ ਮੰਤਰੀ ਪੰਜਾਬ ਨੇ ਲਾਈਵ ਹੋ ਕੇ ਕੀਤਾ ਸੀ ਅਤੇ ਕਿਹਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ, ਜਿਸ ਦੀ ਐਸ.ਓ.ਪੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿਤਮਜਰੀਫੀ ਇਹ ਹੈ ਕਿ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਪੁਰਾਣੀ ਪੈਨਸ਼ਨ ਦੀ ਐਸ.ਓ.ਪੀ ਜਾਰੀ ਨਹੀਂ ਕੀਤੀ ਗਈ, ਜੋ ਕਿ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜੋ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਉਣ ਜਾ ਰਹੀ ਹੈ, ਉਸ ਵਿਚ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰੇ ਅਤੇ ਐਨ.ਪੀ.ਐਸ ਦੇ ਖਾਤੇ ਬੰਦ ਕਰਕੇ ਜੀ.ਪੀ.ਐਫ ਦੇ ਖਾਤੇ ਤੁਰੰਤ ਖੋਲੇ | ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ 25 ਨਵੰਬਰ ਦੀ ਦਿੱਲੀ ਵਿਖੇ ਹੋਣ ਜਾ ਰਹੀ ਇਤਿਹਾਸਿਕ ਮਹਾਂ ਰੈਲੀ ਦੀ ਜ਼ੋਰ-ਸ਼ੋਰ ਨਾਲ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਤੋਂ ਐਨਪੀਐਸ ਕਰਮਚਾਰੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਪਿ੍ੰਸ ਗੜ੍ਹਦੀਵਾਲ , ਸਰਬਜੀਤ ਸਿੰਘ ਡੱਫਰ ,ਸਚਿਨ ਕੁਮਾਰ ,ਜਗਵਿੰਦਰ ਸਿੰਘ, ਤਿਲਕ ਰਾਜ, ਹਰਜਾਪ ਸਿੰਘ, ਵਿਕਾਸ ਸ਼ਰਮਾ, ਜਸਵੰਤ ਸਿੰਘ, ਇਕਬਾਲ ,ਸੁਸ਼ੀਲ ਪਠਾਨੀਆ, ਰੋਹਿਤ ਕੁਮਾਰ ,ਪਰਮਜੀਤ ਸਿੰਘ ਕੁਲਵਿੰਦਰ ਸਿੰਘ ਹਰਜਿੰਦਰ ਸਿੰਘ ਸੁਰੇਸ਼ ਕੁਮਾਰ ਸ਼ਰਮਾ ,ਨੈਂਸੀ ਰਾਣਾ, ਹਰਪਾਲ ਸਿੰਘ, ਇੱਕਮਿੰਦਰ ਕੌਰ, ਕਮਲਪ੍ਰੀਤ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ |