19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨੈਸ਼ਨਲ ਹਾਈਵੇ 'ਤੇ ਪਾਰਕ ਕੀਤੀਆਂ ਗੱਡੀਆਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ <br/>

ਅਜੀਤ ਡੈਸਕ 21-07-2025
ਮੁਕੇਰੀਆਂ, 20 ਜੁਲਾਈ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਵਿਚੋਂ ਗੁਜ਼ਰਦੇ ਨੈਸ਼ਨਲ ਹਾਈਵੇ 'ਤੇ ਪਾਰਕ ਕੀਤੀਆਂ ਗੱਡੀਆਂ ਤੋਂ ਰਾਹਗੀਰ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਇਨ੍ਹਾਂ ਗੱਡੀਆਂ ਦੇ ਚਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਲੋਕਾਂ ਦਾ ਟਰੈਫ਼ਿਕ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ 'ਤੇ ਕੁੱਝ ਲੋਕ ਆਪਣੀਆਂ ਗੱਡੀਆਂ ਪਾਰਕ ਕਰਕੇ ਬਾਜ਼ਾਰਾਂ ਅੰਦਰ ਸਮਾਨ ਦੀ ਖ਼ਰੀਦੋ ਫ਼ਰੋਖ਼ਤ ਕਰਨ ਲਈ ਚਲੇ ਜਾਂਦੇ ਹਨ ਜਿਸ ਕਰਕੇ ਗੱਡੀਆਂ ਕਾਫ਼ੀ ਲੰਬਾ ਸਮਾਂ ਹਾਈਵੇ 'ਤੇ ਖੜ੍ਹੀਆਂ ਰਹਿੰਦੀਆਂ ਹਨ | ਉਨ੍ਹਾਂ ਕਿਹਾ ਗੱਡੀਆਂ ਦੇ ਹਾਈਵੇ 'ਤੇ ਪਾਰਕ ਹੋਣ ਕਾਰਨ ਆਉਣ-ਜਾਣ ਵਾਲੇ ਵਾਹਨਾਂ ਲਈ ਜਿੱਥੇ ਜਗ੍ਹਾ ਘੱਟ ਬਚਦੀ ਹੈ ਉੱਥੇ ਹੀ ਕਈ ਵਾਰ ਵਾਹਨ ਹਾਦਸਾ ਗ੍ਰਸਤ ਵੀ ਹੋ ਜਾਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ 'ਤੇ ਦਿਨ-ਰਾਤ ਆਵਾਜਾਈ ਲੱਗੀ ਰਹਿੰਦੀ ਹੈ ਅਤੇ ਇਕ ਮਿੰਟ ਲਈ ਵੀ ਹਾਈਵੇ 'ਤੇ ਵਾਹਨਾਂ ਦੀ ਸਪੀਡ ਰੁਕਦੀ ਨਹੀਂ | ਉਨ੍ਹਾਂ ਕਿਹਾ ਟਰੈਫ਼ਿਕ ਵਿਭਾਗ ਦੀ ਲਾਪਰਵਾਹੀ ਦਾ ਨਤੀਜਾ ਹੈ ਕਿ ਲੋਕ ਬਿਨਾਂ ਕਿਸੇ ਡਰ ਤੋਂ ਗੱਡੀਆਂ ਹਾਈਵੇ 'ਤੇ ਪਾਰਕ ਕਰਕੇ ਚਲੇ ਜਾਂਦੇ ਹਨ | ਉਨ੍ਹਾਂ ਕਿਹਾ ਚੰਡੀਗੜ੍ਹ ਸ਼ਹਿਰ 'ਚ ਸੜਕ 'ਤੇ ਗੱਡੀਆਂ ਪਾਰਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਕੋਈ ਵੀ ਅਜਿਹੀ ਗ਼ਲਤੀ ਨਹੀਂ ਕਰਦਾ ਪਰ ਮੁਕੇਰੀਆਂ ਸ਼ਹਿਰ ਅੰਦਰ ਕਾਨੂੰਨ ਦੀ ਪਾਲਣਾ ਕਰਵਾਉਣ ਵਾਲਿਆਂ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ | ਕੁਝ ਲੋਕ ਆਪਣੀਆਂ ਗੱਡੀਆਂ ਹਾਈਵੇ 'ਤੇ ਖੜ੍ਹੀਆਂ ਕਰਕੇ ਇਨ੍ਹਾਂ ਰੇਹੜੀਆਂ ਵਾਲਿਆਂ ਤੋਂ ਫਲ-ਫਰੂਟ ਅਤੇ ਸਬਜ਼ੀਆਂ ਦੀ ਖਰੀਦਦਾਰੀ ਕਰਦੇ ਦੇਖੇ ਜਾਂਦੇ ਹਨ | ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਨੈਸ਼ਨਲ ਹਾਈਵੇ 'ਤੇ ਗੱਡੀਆਂ ਪਾਰਕ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਰਾਹਗੀਰਾਂ ਨੂੰ ਇੱਥੋਂ ਲੰਘਣ ਸਮੇਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ |

ਪਿਛਲੀ ਖ਼ਬਰ ਸਮਾਜ ਸੇਵੀ ਨਿਰਮਲ ਸਿੰਘ ਭਾਗੜਾਂ ਵਲੋਂ ਸਕੂਲ ਨੂੰ ਏ. ਸੀ. ਦਾਨ <br/> ਅਗਲੀ ਖ਼ਬਰ ਸਰ ਮਾਰਸ਼ਲ ਗਰੁੱਪ ਆਫ਼ ਸਕੂਲ ਵਲੋਂ 12ਵਾਂ ਸਾਇੰਸ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।