ਮਿਆਣੀ, 20 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਸਰ ਮਾਰਸ਼ਲ ਗਰੁੱਪ ਆਫ਼ ਸਕੂਲ ਤੇ ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਅਤੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਮਾਰਸ਼ਲ ਦੀ ਅਗਵਾਈ ਵਿਚ ਸਰ ਮਾਰਸ਼ਲ ਇੰਟਰ ਸਕੂਲ ਵਿਖੇ 12ਵਾਂ ਸਾਇੰਸ ਮੇਲਾ ਕਰਵਾਇਆ ਗਿਆ | ਰਾਜੇਸ਼ ਅਰੋੜਾ ਅਤੇ ਪ੍ਰੋ. ਨਵਦੀਪ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸਾਇੰਸ ਮੇਲੇ ਦੌਰਾਨ ਗਰੁੱਪ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸਾਇੰਸ ਮੇਲੇ ਵਿਚ ਸਰ ਮਾਰਸ਼ਲ ਗਰੁੱਪ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਦੇ ਵੱਖ-ਵੱਖ ਮਾਡਲ ਬਣਾਉਣ ਤੋਂ ਇਲਾਵਾ ਸਪੀਚ ਅਤੇ ਡਿਬੇਟ ਕੁਇਜ਼ ਮੁਕਾਬਲੇ ਵਿਚ ਵੀ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ ਦੇ ਵਿਦਿਆਰਥੀਆਂ ਨੇ 10 ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ, ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦੇ ਵਿਦਿਆਰਥੀਆਂ ਨੇ 6 ਗੋਲਡ ਮੈਡਲ ਜਿੱਤ ਕੇ ਦੂਸਰਾ ਅਤੇ ਸਰ ਮਾਰਸ਼ਲ ਸਕੂਲ ਬੈਂਸ ਆਵਨ ਦੇ ਵਿਦਿਆਰਥੀਆਂ ਨੇ 2 ਗੋਲਡ ਮੈਡਲ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦੇ ਨਾਲ ਇਸ ਤਰ੍ਹਾਂ ਦੇ ਸਾਇੰਸ ਮੇਲੇ, ਖੇਡਾਂ ਅਤੇ ਕੁਇਜ਼ ਕੰਪੀਟੀਸ਼ਨ ਵਿਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ | ਇਸ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਜਨਰਲ ਨੌਲੇਜ ਵਿਚ ਵੀ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੁੰਦਾ ਹੈ ਅਤੇ ਅੱਗੇ ਜਾ ਕੇ ਇਹ ਵਿਦਿਆਰਥੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਮੱਲ੍ਹਾਂ ਮਾਰ ਕੇ ਆਪਣਾ ਤੇ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰਦੇ ਹਨ | ਮੇਲੇ ਦੇ ਆਿਖ਼ਰ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵਿੰਦਰ ਕੌਰ ਮਾਰਸ਼ਲ, ਕੁਲਵਿੰਦਰ ਕੌਰ ਮਾਰਸ਼ਲ, ਗੁਰਮੇਲ ਸਿੰਘ, ਪਿ੍ੰਸੀਪਲ ਪਰਵਿੰਦਰ ਸਿੰਘ, ਪਿ੍ੰਸੀਪਲ ਰਮਨਦੀਪ ਸਿੰਘ, ਪਿ੍ੰਸੀਪਲ ਗਾਇਤਰੀ, ਵਾਈਸ ਪਿ੍ੰਸੀਪਲ ਅਤੇ ਤਿੰਨਾਂ ਸਕੂਲਾਂ ਦੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |