ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਖਜੂਰ ਵਿਖੇ ਪਿ੍ੰ: ਕਿਰਨਪ੍ਰੀਤ ਕੌਰ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਦਿਨਾਂ ਸਮਾਗਮ ਕਰਵਾਏ ਗਏ | ਇਸ ਮੌਕੇ ਸਕੂਲ ਵਲੋਂ ਚੱਲ ਰਹੇ 'ਗਿਆਨ ਅੰਜਨ' ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਾਂਝਾ ਕੀਤਾ ਗਿਆ | ਇਨ੍ਹਾਂ ਦਿਨਾਂ 'ਚ ਆਏ ਮਹਾਨ ਇਤਿਹਾਸਕ ਦਿਹਾੜਿਆਂ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਭਾਈ ਤਾਰੂ ਸਿੰਘ ਜੀ ਦੀਆਂ ਸ਼ਹਾਦਤਾਂ ਨੂੰ ਵੀ ਪ੍ਰਣਾਮ ਕੀਤਾ ਗਿਆ | ਬੁਲਾਰਿਆਂ ਨੇ ਬਾਲ ਉਮਰ ਦੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਭਾਵਾਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਿਤਾ ਜੀ ਦੇ ਦਰਬਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਰੂਸ, ਅਫ਼ਗ਼ਾਨਿਸਤਾਨ ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਾਧੂ-ਫ਼ਕੀਰ ਪੁੱਜਦੇ ਸਨ | ਦੂਜੇ ਪਾਸੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਲੋਂ ਆਪਣੇ ਦਵਾਖ਼ਾਨੇ 'ਚੋਂ ਦਾਰੇ ਦੇ ਇਲਾਜ ਵਾਸਤੇ ਦਿੱਤੀ ਸਮੱਗਰੀ ਬਦਲੇ ਸ਼ਾਹਜਹਾਨ ਆਪਣੇ ਭਰੇ ਦਰਬਾਰ 'ਚ ਗੁਰੂ ਸਾਹਿਬ ਜੀ ਦੀ ਸਿਫ਼ਤ ਕਰਦਾ ਥੱਕਦਾ ਨਹੀਂ ਸੀ | ਉਨ੍ਹਾਂ ਦੱਸਿਆ ਕਿ ਪਿਤਾ ਪਰਿਵਾਰ ਕੋਲ 2200 ਘੋੜ ਸਵਾਰ ਹੋਣ ਦੇ ਬਾਵਜੂਦ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅੰਦਰ ਸਬਰ, ਸੰਤੋਖ ਤੇ ਨਿਮਰਤਾ ਦੀਆਂ ਦੇ ਗੁਣਾਂ ਨੂੰ ਅੱਠਵੇਂ ਪਾਤਿਸ਼ਾਹ ਜੀ ਨੇ ਗ੍ਰਹਿਣ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਕੰਠ ਗੁਰਬਾਣੀ, ਕੰਠ ਸ਼ਬਦ, ਕਵਿਤਾਵਾਂ ਅਤੇ ਲੈਕਚਰ ਪੇਸ਼ ਕੀਤਾ |