ਤਲਵਾੜਾ, 20 ਜੁਲਾਈ (ਮਹਿਤਾ)- ਬਲਾਕ ਤਲਵਾੜਾ ਦੇ ਪਿੰਡ ਅਮਰੋਹ ਦੀ ਸਰਪੰਚ ਸੀਮਾ ਦੇਵੀ ਅਤੇ ਉਨ੍ਹਾਂ ਦੇ ਪਤੀ ਸੁਰੇਸ਼ ਕੁਮਾਰ ਪਿਛਲੇ ਦਿਨੀਂ ਕਾਮਾਹੀ ਦੇਵੀ ਵਿਖੇ ਇਕ ਸਮਾਗਮ ਦੌਰਾਨ ਆਪਣੇ ਸਾਥੀਆਂ ਸਮੇਤ 'ਆਮ ਆਦਮੀ ਪਾਰਟੀ' ਵਿਚ ਸ਼ਾਮਿਲ ਹੋ ਗਏ | ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਅਤੇ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਨੇ ਉਨ੍ਹਾਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਸੀਮਾ ਦੇਵੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹਲਕਾ ਵਿਧਾਇਕ ਐਡ. ਘੁੰਮਣ ਵਲੋਂ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿਚ ਸ਼ਾਮਿਲ ਹੋਈ ਹਾਂ | ਉਨ੍ਹਾਂ ਆਪਣੇ ਪਿੰਡ ਦੀਆਂ ਕੁੱਝ ਸਮੱਸਿਆਵਾਂ ਸਬੰਧੀ ਐਡ. ਘੁੰਮਣ ਅਤੇ ਐਮ.ਪੀ. ਡਾ. ਰਾਜ ਕੁਮਾਰ ਨੂੰ ਜਾਣੂੰ ਕਰਵਾਇਆ | ਇਸ ਮੌਕੇ 'ਤੇ ਬਕੀਲ ਸਿੰਘ ਬਟਵਾੜਾ, ਰਵਿੰਦਰ ਮਹਿਤਾ, ਰਮਨ ਗੋਲਡੀ, ਸਾਬਕਾ ਸਰਪੰਚ ਕੁਲਦੀਪ, ਸਰਪੰਚ ਕਮਲ ਕਿਸ਼ੋਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ |