ਨਿਊਯਾਰਕ, 6 ਨਵੰਬਰ (ਪੀ. ਟੀ. ਆਈ.)-ਆਪਣੀਆਂ ਅਸੰਗਤ ਟਿੱਪਣੀਆਂ ਲਈ ਜਾਣੇ ਜਾਂਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਦਾਅਵਾ ਕੀਤਾ ਹੈ ਕਿ ਮਈ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਦੇ ਦੌਰਾਨ 8 ਜਹਾਜ਼ ਡੇਗੇ ਗਏ ਸਨ, ਇਕ ਵਾਰ ਫਿਰ ਬਿਨਾਂ ਇਹ ਦੱਸੇ ਕਿ ਉਹ ਜਹਾਜ਼ ਕਿਸਦੇ ਸਨ | ਬੁੱਧਵਾਰ ਨੂੰ ਫਲੋਰੀਡਾ ਦੇ ਮਿਆਮੀ 'ਚ ਅਮਰੀਕਾ ਬਿਜਨਸ ਫੋਰਮ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਡੇਗੇ ਗਏ ਜਹਾਜ਼ਾਂ ਦੀ ਗਿਣਤੀ 7 ਤੋਂ ਵਧਾ ਕੇ 8 ਕਰ ਦਿੱਤੀ | ਹੁਣ ਤੱਕ, ਅਮਰੀਕੀ ਰਾਸ਼ਟਰਪਤੀ ਇਹ ਕਹਿੰਦੇ ਰਹੇ ਹਨ ਕਿ ਜੰਗ ਦੇ ਦੌਰਾਨ 7 ਜਹਾਜ਼ ਡੇਗੇ ਗਏ ਸਨ | ਟਰੰਪ ਨੇ ਕਿਹਾ, ''ਪਾਕਿਸਤਾਨ ਅਤੇ ਭਾਰਤ ਨਾਲ ਇਕ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਿਹਾ ਸੀ ਅਤੇ ਫਿਰ ਮੈਂ ਸੁਣਿਆ ਕਿ ਉਹ ਜੰਗ ਕਰਨ ਜਾ ਰਹੇ ਹਨ | ਸੱਤ ਜਹਾਜ਼ ਡੇਗੇ ਗਏ ਹਨ ਅਤੇ ਅਠਵਾਂ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਅਸਲ 'ਚ ਅੱਠ ਜਹਾਜ਼ ਡੇਗੇ ਗਏ ਸਨ |' ਟਰੰਪ ਨੇ ਇਹ ਵੀ ਦੁਹਰਾਇਆ ਕਿ ਭਾਰਤ ਅਤੇ ਪਾਕਿਸਤਾਨ ਨੇ ਸ਼ਾਂਤੀ ਸਥਾਪਿਤ ਕਰ ਲਈ ਹੈ | ਇਸ ਤੋਂ ਪਹਿਲਾਂ ਦੋਵੇਂ ਪ੍ਰਮਾਣੂ ਸਮਰੱਥ ਗੁਆਢੀਆਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਫੌਜੀ ਜੰਗ ਜਾਰੀ ਰੱਖਦੇ ਹਨ ਤਾਂ ਉਹ ਵਪਾਰ ਸਮਝੌਤੇ ਤੋੜ ਦੇਣਗੇ | ਇਹ ਦਾਅਵਾ ਉਨ੍ਹਾਂ ਨੇ ਤਦ ਤੋਂ ਕਈ ਵਾਰ ਦੁਹਰਾਇਆ ਹੈ |