ਖ਼ੈਬਰ ਕਬਾਇਲੀ ਜ਼ਿਲ੍ਹੇ 'ਚੋਂ ਵੀਡੀਓ ਸੰਦੇਸ਼ ਜਾਰੀ ਕਰਕੇ ਫ਼ੌਜ ਨੂੰ ਵੰਗਾਰਿਆ
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿ ਫ਼ੌਜ ਨੇ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਐੱਲ.ਪੀ.) ਦੇ ਜਿਸ ਮੁਫ਼ਤੀ ਨੂਰ ਵਲੀ ਮਹਿਸੂਦ ਨੂੰ ਨਿਸ਼ਾਨਾ ਬਣਾਉਣ ਲਈ ਅਫ਼ਗਾਨਿਸਤਾਨ 'ਤੇ ਹਵਾਈ ਹਮਲੇ ਕਰਕੇ ਕਈ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ, ਹੁਣ ਪਾਕਿ ਵਲੋਂ 'ਮਿ੍ਤਕ' ਐਲਾਨਿਆ ਉਹੀ ਟੀ.ਐੱਲ.ਪੀ. ਚੀਫ਼ ਵੀਡੀਓ ਜਾਰੀ ਕਰਕੇ ਪਾਕਿ ਦੇ ਕਥਿਤ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨਾਂ ਦਾ ਮਜ਼ਾਕ ਬਣਾ ਰਿਹਾ ਹੈ | ਮਹਿਸੂਦ ਨੇ ਆਪਣੀ ਮੌਤ ਦੀਆਂ ਅਫ਼ਵਾਹਾਂ ਨੂੰ ਖ਼ਾਰਜ ਕਰਦੇ ਹੋਏ ਜਾਰੀ ਕੀਤੀ ਵੀਡੀਓ 'ਚ ਪਾਕਿ ਦੇ ਖ਼ੈਬਰ ਕਬਾਇਲੀ ਜ਼ਿਲ੍ਹੇ 'ਚ ਆਪਣੇ ਸਮੂਹ ਦੇ ਨਿਯੰਤਰਨ ਵਾਲੇ ਖੇਤਰਾਂ ਦੀ ਪਛਾਣ ਵੀ ਕਰਵਾਈ | 7 ਮਿੰਟ 36 ਸੈਕਿੰਡ ਦੇ ਇਸ ਵੀਡੀਓ 'ਚ ਉਸ ਦੇ ਹਥਿਆਰਬੰਦ ਸਾਥੀ ਵੀ ਵਿਖਾਈ ਦੇ ਰਹੇ ਹਨ | ਪਾਕਿ ਨੇ 9 ਅਕਤੂਬਰ ਨੂੰ ਹੋਏ ਹਮਲਿਆਂ 'ਚ ਉਸ ਬਖ਼ਤਰਬੰਦ ਵਾਹਨ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ, ਜਿਸ 'ਚ ਮਹਿਸੂਦ ਆਪਣੇ ਹਥਿਆਰਬੰਦ ਸਾਥੀਆਂ ਨਾਲ ਜਾ ਰਿਹਾ ਸੀ | ਮਹਿਸੂਦ ਵਲੋਂ ਜਾਰੀ ਵੀਡੀਓ ਸੰਦੇਸ਼ 'ਚ ਉਸ ਨੇ ਨਾ ਸਿਰਫ਼ ਆਪਣੇ ਬਚਾਅ ਦਾ ਸਬੂਤ ਦਿੱਤਾ ਹੈ, ਬਲਕਿ ਪਾਕਿ 'ਤੇ ਜਿੱਤ ਦਾ ਵੀ ਦਾਅਵਾ ਕੀਤਾ | ਮਹਿਸੂਦ ਨੇ ਪਾਕਿਸਤਾਨੀ ਫ਼ੌਜ ਨੂੰ ਵੰਗਾਰਦਿਆਂ ਕਿਹਾ ਕਿ ਉਹ ਇਸ ਸਮੇਂ ਪਾਕਿ ਦੇ ਖ਼ੈਬਰ ਕਬਾਇਲੀ ਜ਼ਿਲ੍ਹੇ 'ਚ ਹੈ, ਜਿਥੇ ਕੂਕੀ ਖੇਲ ਅਤੇ ਕੰਬਰ ਖੇਲ ਕਬੀਲਿਆਂ ਦੇ ਖੇਤਰ ਉਸ ਦੇ ਸਮੂਹ ਦੇ ਅਧਿਕਾਰ 'ਚ ਹਨ | ਵੀਡੀਓ 'ਚ ਉਹ ਇਕ ਪਹਾੜੀ ਖੇਤਰ 'ਚ ਵਿਖਾਈ ਦੇ ਰਿਹਾ ਹੈ ਅਤੇ ਨੇੜੇ ਇਕ ਪਾਕਿਸਤਾਨੀ ਫ਼ੌਜੀ ਚੌਕੀ ਵੱਲ ਇਸ਼ਾਰਾ ਕਰ ਰਿਹਾ ਹੈ | ਮਹਿਸੂਦ ਦੀ ਮੌਜੂਦਗੀ ਨੇ ਪਾਕਿ ਲਈ ਸੁਰੱਖਿਆ ਚੁਣੌਤੀ ਨੂੰ ਹੋਰ ਵਧਾ ਦਿੱਤਾ ਹੈ |
ਹਵਾਈ ਹਮਲਿਆਂ 'ਚ ਜਿਸ ਟੀ.ਟੀ.ਪੀ. ਚੀਫ਼ ਨੂੰ ਮਾਰਨ ਦੇ ਕੀਤੇ ਦਾਅਵੇ, ਉਹ ਵੀਡੀਓ ਜਾਰੀ ਕਰਕੇ ਪਾਕਿ ਦਾ ਬਣਾ ਰਿਹੈ ਮਜ਼ਾਕ
ਵੀਡੀਓ ਸੰਦੇਸ਼ ਰਾਹੀਂ ਗੱਲਬਾਤ ਕਰਦਾ ਹੋਇਆ ਮੁਫ਼ਤੀ ਨੂਰ ਵਲੀ ਮਹਿਸੂਦ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/>
18-10-2025