ਕਿਹਾ, ਪਹਿਲਾਂ ਦੀਆਂ ਸਰਕਾਰਾਂ ਮਜਬੂਰੀ 'ਚ ਸੁਧਾਰ ਕਰਦੀਆਂ ਸਨ, ਅਸੀਂ ਹੁਣ ਦਿ੍ੜ੍ਹ ਵਿਸ਼ਵਾਸ ਨਾਲ ਕਰਦੇ ਹਾਂ
ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਮਜਬੂਰੀ 'ਚ ਸੁਧਾਰ ਕਰਦੀਆਂ ਸਨ, ਉਥੇ ਹੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਸੁਧਾਰਾਂ ਨੂੰ ਦਿੜ੍ਹਤਾ ਨਾਲ ਕਰਦੀ ਹੈ ਅਤੇ ਹਰ ਜੋਖ਼ਮ ਨੂੰ ਸੁਧਾਰ 'ਚ ਬਦਲ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਇਥੇ ਐਨ.ਡੀ.ਟੀ.ਵੀ. ਵਿਸ਼ਵ ਸੰਮੇਲਨ ਸਮਾਗਮ 'ਚ ਕਿਹਾ ਕਿ ਹੁਣ ਭਾਰਤ ਅੱਤਵਾਦੀ ਹਮਲਿਆਂ 'ਤੇ ਚੁੱਪ ਨਹੀਂ ਰਹਿੰਦਾ, ਸਗੋਂ 'ਸਰਜੀਕਲ ਸਟਰਾਈਕ' ਤੇ 'ਆਪ੍ਰੇਸ਼ਨ ਸੰਧੂਰ' ਨਾਲ ਕਰਾਰਾ ਜਵਾਬ ਦਿੰਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦਹਿਸ਼ਤੀ ਕਾਰਵਾਈਆਂ ਖ਼ਿਲਾਫ਼ ਰੁਕਣ ਵਾਲਾ ਨਹੀਂ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਮਜਬੂਰੀ ਵਜੋਂ ਸੁਧਾਰ ਕੀਤੇ ਸਨ, ਹੁਣ ਅਸੀਂ ਇਸ ਨੂੰ ਦਿ੍ੜ੍ਹ ਵਿਸ਼ਵਾਸ ਨਾਲ ਕਰਦੇ ਹਾਂ | ਅਣਜਾਣ ਯੁੱਗ ਦੁਨੀਆ ਲਈ ਅਨਿਸਚਿਤ ਚੀਜ਼ ਹੋ ਸਕਦੀ ਹੈ ਪਰ ਇਹ ਭਾਰਤ ਲਈ ਮੌਕਾ ਹੈ ਕਿਉਂਕਿ ਇਸ ਨੇ ਹਮੇਸ਼ਾ ਜੋਖ਼ਮਾਂ ਨੂੰ ਸੁਧਾਰਾਂ 'ਚ ਬਦਲਿਆ ਹੈ, ਅਸੀਂ ਹਰ ਸੁਧਾਰ ਨੂੰ ਲਚਕੀਲੇਪਣ 'ਚ ਅਤੇ ਹਰ ਲਚਕੀਲੇਪਣ ਨੂੰ ਇਕ ਕ੍ਰਾਂਤੀ 'ਚ ਬਦਲ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਜੰਗਾਂ ਦੁਨੀਆ ਭਰ 'ਚ ਸੁਰਖੀਆਂ ਬਣ ਗਈਆਂ ਤਾਂ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਵਜੋਂ ਅੱਗੇ ਵਧਦੇ ਹੋਏ ਆਲੋਚਕਾਂ ਨੂੰ ਗਲਤ ਸਾਬਿਤ ਕਰ ਦਿੱਤਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਰੁਕਣ ਦੇ ਰੁਖ਼ 'ਚ ਨਹੀਂ ਹੈ ਅਤੇ ਅੱਜ ਦੁਨੀਆ ਕਈ ਤਰ੍ਹਾਂ ਦੀਆਂ ਅੜਚਨਾਂ ਤੇ ਟਕਰਾਵਾਂ ਦਾ ਸਾਹਮਣਾ ਕਰ ਰਹੀ ਹੈ, ਅਜਿਹੇ 'ਚ ਇਕ ਅਟੱਲ ਭਾਰਤ ਬਾਰੇ ਗੱਲ ਕਰਨਾ ਸੁਭਾਵਿਕ ਹੈ | ਉਨ੍ਹਾਂ ਕਿਹਾ ਕਿ ਅਸੀਂ ਨਾ ਰੁਕਾਂਗੇ ਤੇ ਨਾ ਹੀ ਹੌਲੀ ਚੱਲਾਂਗੇ, 140 ਕਰੋੜ ਭਾਰਤੀ ਪੂਰੀ ਤੇਜ਼ੀ ਨਾਲ ਇਕੱਠੇ ਅੱਗੇ ਵਧਣਗੇ | ਅੱਜ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ 'ਚੋਂ ਇਕ ਬਣ ਗਿਆ ਹੈ, ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ ਭਾਰਤ ਹਰ ਖੇਤਰ 'ਚ ਸਵੈ-ਨਿਰਭਰ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ | ਇਹ ਜ਼ਿਕਰ ਕਰਦੇ ਹੋਏ ਕਿ ਕਾਂਗਰਸ ਦੇ ਰਾਜ ਦੌਰਾਨ ਬੈਂਕਾਂ ਦੇ ਰਾਸ਼ਟਰੀਕਰਨ ਨਾਲ 'ਬੈਂਕਾਂ ਲਈ ਗੈਰ-ਕਾਰਗੁਜ਼ਾਰੀ ਸੰਪੰਤੀਆਂ ਦਾ ਪਹਾੜ' (ਐਨ.ਪੀ.ਏ.) ਖੜ੍ਹਾ ਹੋ ਗਿਆ, ਮੋਦੀ ਨੇ ਕਿਹਾ ਕਿ ਵਿੱਤੀ ਤੇ ਹੋਰ ਸੰਸਥਾਵਾਂ ਦਾ ਲੋਕਤੰਤਰੀਕਰਨ ਅਟੱਲ ਭਾਰਤ ਪਿੱਛੇ ਮੁੱਖ ਪ੍ਰੇਰਕ ਸ਼ਕਤੀ ਹੈ | ਲੋਕ ਭਾਰਤ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਜਦੋਂ ਸਰਕਾਰ ਦਾ ਕੋਈ ਦਬਾਅ ਜਾਂ ਦਖ਼ਲ ਨਹੀਂ ਹੁੰਦਾ ਤਾਂ ਉਹ ਉੱਤਮਤਾ ਪ੍ਰਾਪਤ ਕਰ ਸਕਦੇ ਹਨ | ਮੋਦੀ ਨੇ ਕਿਹਾ ਕਿ ਭਾਰਤ ਨੇ ਡਿਜੀਟਲ ਵਿੱਤੀ ਬੁਨਿਆਦੀ ਢਾਂਚੇ 'ਤੇ ਸਾਰਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ | ਦੁਨੀਆ ਭਾਰਤ ਨੂੰ ਭਰੋਸੇਯੋਗ, ਜ਼ਿੰਮੇਵਾਰ, ਲਚਕੀਲਾ ਭਾਈਵਾਲ ਅਤੇ ਮੌਕਿਆਂ ਦੀ ਧਰਤੀ ਵਜੋਂ ਵੇਖਦੀ ਹੈ |
ਭਾਰਤ ਹੁਣ ਅੱਤਵਾਦੀ ਹਮਲਿਆਂ ਦਾ ਦਿੰਦਾ ਹੈ ਕਰਾਰਾ ਜਵਾਬ-ਮੋਦੀ
ਅਜੀਤ ਡੈਸਕ
18-10-2025