ਖ਼ਾਲਿਦ ਬਿਨ ਵਲੀਦ ਤੇ ਜੈਸ਼-ਏ-ਫੁਰਸਾਨ-ਏ-ਮੁਹੰਮਦ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਅਫ਼ਗਾਨ ਸਰਹੱਦ ਨੇੜੇ ਉੱਤਰੀ ਵਜ਼ੀਰਸਤਾਨ ਦੇ ਮੀਰ ਅਲੀ ਦੇ ਖੱਡੀ ਖੇਤਰ 'ਚ ਆਤਮਘਾਤੀ ਹਮਲੇ ਦੌਰਾਨ 15 ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ 13 ਹੋਰ ਜ਼ਖ਼ਮੀ ਹੋ ਗਏ | ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਕੋਈ ਵੀ ਸੈਨਿਕ ਨਹੀਂ ਮਾਰਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਇਕ ਆਤਮਘਾਤੀ ਅੱਤਵਾਦੀ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਦੀ ਚੌਕੀ ਦੀ ਕੰਧ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ | ਹਮਲਾਵਰ ਮੌਕੇ 'ਤੇ ਮਾਰਿਆ ਗਿਆ | ਧਮਾਕੇ ਤੋਂ ਬਾਅਦ ਤਿੰਨ ਹੋਰ ਅੱਤਵਾਦੀਆਂ ਨੇ ਕੈਂਪ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ 'ਚ ਉਹ ਮਾਰੇ ਗਏ | ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਮੀਰ ਅਲੀ 'ਚ ਸੁਰੱਖਿਆ ਬਲਾਂ 'ਤੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਉਕਤ ਤੋਂ ਇਲਾਵਾ ਪੰਜਗੁਰ-ਬਲੋਚਿਸਤਾਨ ਦੇ ਚਿਤਕਾਨ ਬਾਜ਼ਾਰ 'ਚ ਫ਼ਰੰਟੀਅਰ ਕੋਰ ਹੈੱਡਕੁਆਟਰ ਨੇੜੇ ਵੀ ਇਕ ਆਈ.ਈ.ਡੀ. ਧਮਾਕਾ ਹੋਇਆ | ਪਾਕਿਸਤਾਨੀ ਸੁਰੱਖਿਆ ਬਲਾਂ ਅਨੁਸਾਰ ਉੱਤਰੀ ਵਜ਼ੀਰਸਤਾਨ ਦੇ ਦੱਤਾਖੇਲ ਖੇਤਰ 'ਚ ਵੀ ਇਕ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਵਜੋਂ 6 ਅੱਤਵਾਦੀ ਮਾਰੇ ਗਏ | ਪਾਕਿ ਸੁਰੱਖਿਆ ਬਲਾਂ ਨੇ ਪਿਛਲੇ 4 ਦਿਨਾਂ 'ਚ ਫ਼ਿਤਨਾ ਅਲ-ਖਵਾਰਿਜ ਨਾਲ ਸੰਬੰਧਿਤ 94 ਅੱਤਵਾਦੀ ਮਾਰਨ ਦਾ ਦਾਅਵਾ ਕੀਤਾ |
ਪਾਕਿ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ-15 ਸੈਨਿਕਾਂ ਦੀ ਮੌਤ <br/>
ਅਜੀਤ ਡੈਸਕ
18-10-2025