14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ

ਅਜੀਤ ਡੈਸਕ 18-10-2025

ਡੀ. ਆਈ. ਜੀ. ਨੇ ਕਿਹਾ, ਸਾਰੇ ਪੱਖ ਰੱਖਾਂਗਾ, ਅਦਾਲਤ ਪੂਰਾ ਇਨਸਾਫ਼ ਕਰੇਗੀ
ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)-ਬੀਤੇ ਦਿਨ ਸੀ. ਬੀ. ਆਈ. ਵਲੋਂ 8 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ 'ਚ ਗਿ੍ਫ਼ਤਾਰ ਡੀ. ਆਈ. ਜੀ. (ਰੂਪਨਗਰ ਰੇਂਜ) ਹਰਚਰਨ ਸਿੰਘ ਭੁੱਲਰ ਅਤੇ ਸਹਿ-ਮੁਲਜ਼ਮ ਕਿ੍ਸ਼ਨੂੰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਜੱਜ ਅਲਕਾ ਮਲਿਕ ਦੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਤਹਿਤ ਬੁੜੈਲ ਜੇਲ੍ਹ ਵਿਚ ਭੇਜਿਆ ਗਿਆ ਹੈ | ਦੱਸ ਦਈਏ ਕਿ ਵੀਰਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਦਰਜ ਮਾਮਲੇ 'ਚ ਜਾਲ ਵਿਛਾ ਕੇ ਸੀ. ਬੀ. ਆਈ. ਵਲੋਂ ਡੀ. ਆਈ. ਜੀ. ਅਤੇ ਕਿ੍ਸ਼ਨੂੰ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੈਕਟਰ-40 ਸਥਿਤ ਰਿਹਾਇਸ਼ ਵਿਖੇ ਦੇਰ ਰਾਤ ਤੱਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣੇ ਆਦਿ ਬਰਾਮਦ ਹੋਏ ਸਨ | ਸ਼ੁੱਕਰਵਾਰ ਸਵੇਰ ਨੂੰ ਸੈਕਟਰ-16 ਸਥਿਤ ਜੀ. ਐੱਮ. ਸੀ. ਐੱਚ. ਵਿਖੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ਉਪਰੰਤ ਉਨ੍ਹਾਂ ਨੂੰ ਦੁਪਹਿਰ ਕਰੀਬ ਢਾਈ ਵਜੇ ਸੀ.ਬੀ.ਆਈ. ਅਦਾਲਤ ਵਿਖੇ ਪੇਸ਼ ਕਰਨ ਲਈ ਲਿਆਂਦਾ ਗਿਆ | ਇਸ ਮੌਕੇ ਉਨ੍ਹਾਂ ਅਦਾਲਤੀ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਸਥਿਤ ਪੇਸ਼ੀ ਰੂਮ ਵੱਲ ਨੂੰ ਜਾਂਦਿਆਂ ਕਿਹਾ ਕਿ 'ਅਦਾਲਤ ਪੂਰਾ ਇਨਸਾਫ਼ ਕਰੇਗੀ, ਅਦਾਲਤ ਵਿਚ ਸਾਰੇ ਪੱਖ ਰੱਖਾਂਗੇ' | ਹਾਲਾਂਕਿ ਉਨ੍ਹਾਂ ਦੀ ਪੇਸ਼ੀ ਦੌਰਾਨ ਇਕ ਦਰਜਨ ਤੋਂ ਵੱਧ ਵਕੀਲ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਪਹੁੰਚੇ ਸਨ, ਜਦਕਿ ਦੋ ਵਕੀਲ ਹੀ ਉਨ੍ਹਾਂ ਦੇ ਮਾਮਲੇ 'ਚ ਪੇਸ਼ ਹੋਏ ਹਨ | ਪੇਸ਼ੀ ਮੌਕੇ ਸੀ.ਬੀ.ਆਈ. ਵਲੋਂ ਪੁਲਿਸ ਰਿਮਾਂਡ ਦੀ ਕੋਈ ਮੰਗ ਨਹੀਂ ਕੀਤੀ ਗਈ, ਸਗੋਂ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 30 ਅਕਤੂਬਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਦੁਬਾਰਾ ਪੇਸ਼ ਕਰਨ ਦੇ ਨਿਰਦੇਸ਼ ਸੁਣਾਏ | ਸੀ. ਬੀ. ਆਈ. ਵਲੋਂ ਪੇਸ਼ ਕੀਤੇ ਗਏ ਬਰਾਮਦੀ ਮੀਮੋ ਅਨੁਸਾਰ ਡੀ. ਆਈ. ਜੀ. ਦੇ ਟਿਕਾਣੇ ਤੋਂ ਕਰੀਬ 7.5 ਕਰੋੜ ਰੁਪਏ ਨਕਦੀ, 2.5 ਕਿੱਲੋ ਸੋਨਾ ਅਤੇ ਦਰਜਨ ਭਰ ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਹੋਏ | ਇਸ ਮਾਮਲੇ ਵਿਚ ਨਾਮਜ਼ਦ ਸਹਿ-ਮੁਲਜ਼ਮ ਅਤੇ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਕਿ੍ਸ਼ਨੂੰ ਜੋ ਕਿ ਹਾਕੀ ਦਾ ਖਿਡਾਰੀ ਹੈ ਅਤੇ ਕਈ ਰਾਜਸੀ ਆਗੂਆਂ ਨਾਲ ਤਾਲੁਕ ਰੱਖਦਾ ਹੈ | ਸੂਤਰਾਂ ਅਨੁਸਾਰ ਉਹ ਪਹਿਲਾਂ ਇਕ ਸਿਆਸਤਦਾਨ ਦੇ ਨਿੱਜੀ ਸਕੱਤਰ ਵਜੋਂ ਵੀ ਕੰਮ ਕਰ ਚੁੱਕਾ ਹੈ |

ਪਿਛਲੀ ਖ਼ਬਰ ਪਾਕਿ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ-15 ਸੈਨਿਕਾਂ ਦੀ ਮੌਤ <br/> ਅਗਲੀ ਖ਼ਬਰ ਭਿ੍ਸ਼ਟਾਚਾਰ ਦਾ ਪਤਾ ਲਗਾਉਣ 'ਚ ਅਸਮਰੱਥ ਰਹੀ ਪੰਜਾਬ ਸਰਕਾਰ-ਰਾਜਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।