ਸਾਡਾ ਟੀਚਾ ਘਰੇਲੂ ਰੱਖਿਆ ਉਤਪਾਦਨ ਨੂੰ 100 ਫ਼ੀਸਦੀ ਤੱਕ ਲੈ ਕੇ ਜਾਣਾ-ਰਾਜਨਾਥ
ਨਾਸਿਕ (ਮਹਾਰਾਸ਼ਟਰ), 17 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਫ਼ੌਜ ਨੂੰ ਮਾਰਕ 1 ਏ ਲੜਾਕੂ ਜਹਾਜ਼ਾਂ ਦੀ ਸਪਲਾਈ 'ਚ ਤੇਜ਼ੀ ਲਿਆਉਣ ਦੇ ਮੰਤਵ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਮਹਾਰਾਸ਼ਟਰ ਦੇ ਨਾਸਿਕ 'ਚ ਤੀਸਰੀ ਉਤਪਾਦਨ ਲਾਈਨ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਸਵਦੇਸ਼ੀ ਤੇਜਸ ਨੇ ਪਹਿਲੀ ਉਡਾਣ ਭਰੀ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦਾ ਉਦਘਾਟਨ ਕੀਤਾ | ਨਾਸਿਕ ਨੇ ਓਝਰ ਦੀ ਇਸ ਸਹੂਲਤ ਨਾਲ ਪਹਿਲੇ ਲਾਈਟ ਕੰਬੈਟ ਏਅਰਕ੍ਰਾਫਟ ਨੇ ਸ਼ੁੱਕਰਵਾਰ ਨੂੰ ਪਹਿਲੀ ਉਡਾਣ ਭਰੀ | ਇਸ ਉਤਪਾਦਨ ਲਾਈਨ ਦੇ ਜ਼ਰੀਏ ਹਵਾਈ ਫ਼ੌਜ ਨੂੰ 2032-33 ਤੱਕ ਤੇਜਸ ਜਹਾਜ਼ਾਂ ਦੀ ਸਪਲਾਈ ਕਰਨ 'ਚ ਮਦਦ ਕਰੇਗੀ | ਇਥੇ ਅਜੇ ਅੱਠ ਫਾਈਟਰ ਜੈੱਟ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਵਧਾ ਕੇ 10 ਕੀਤਾ ਜਾ ਸਕਦਾ ਹੈ | ਹਵਾਈ ਫ਼ੌਜ ਦੇ ਲਈ ਤੇਜਸ ਜਹਾਜ਼ ਬਣਾ ਰਹੀ ਐੱਚ.ਏ.ਐੱਲ. ਨੂੰ ਸਤੰਬਰ 'ਚ ਹੀ ਅਮਰੀਕਾ ਨੇ ਇਸ ਦਾ ਚੌਥਾ ਇੰਜਣ ਭੇਜਿਆ ਸੀ | ਇਸ ਫਾਈਟਰ ਜੈੱਟ ਦੀਆਂ ਖੂਬੀਆਂ 'ਚ ਇਕ ਇਹ ਹੈ ਕਿ ਇਸ ਦੇ ਵਿੰਗਜ਼ (ਪਰਾਂ) 'ਚ 9 ਥਾਵਾਂ 'ਤੇ ਮਿਜ਼ਾਈਲਾਂ ਫਿੱਟ ਹੁੰਦੀਆਂ ਹਨ | ਰਿਪੋਰਟਾਂ ਦੇ ਅਨੁਸਾਰ ਹਰ ਤੇਜਸ ਮਾਰਕ 1 ਏ ਦੀ ਔਸਤ ਕੀਮਤ 600 ਕਰੋੜ ਰੁਪਏ ਹੈ | ਫਾਈਟਰ ਜੈੱਟ ਰਫ਼ਤਾਰ 2205 ਕਿਲੋਮੀਟਰ ਪ੍ਰਤੀ ਘੰਟਾ ਮਤਲਬ ਕਿ ਆਵਾਜ਼ ਤੋਂ ਵੀ ਕਰੀਬ ਦੁੱਗਣੀ ਤੇਜ਼ ਹੈ | ਇਸ ਦਾ ਉਤਪਾਦਨ ਦੇਸ਼ ਦੀ 500 ਤੋਂ ਜ਼ਿਆਦਾ ਘਰੇਲੂ ਕੰਪਨੀਆਂ ਨੇ ਮਿਲ ਕੇ ਕੀਤਾ ਹੈ, ਇਸ ਲਈ ਇਸ ਨੂੰ ਸਵਦੇਸ਼ੀ ਤੇਜਸ ਵੀ ਕਿਹਾ ਜਾ ਰਿਹਾ ਹੈ | ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਘਰੇਲੂ ਰੱਖਿਆ ਉਤਪਾਦਨ ਨੂੰ 100 ਫੀਸਦੀ ਤੱਕ ਲੈ ਕੇ ਜਾਣ 'ਤੇ ਵਿਚਾਰ ਕਰ ਰਿਹਾ ਹੈ, ਕਿਉਂਕਿ ਵਿਦੇਸ਼ੀ ਫ਼ੌਜੀ ਸਪਲਾਈ 'ਤੇ ਨਿਰਭਰਤਾ 'ਰਣਨੀਤਕ ਕਮਜ਼ੋਰੀ' ਪੈਦਾ ਕਰਦੀ ਹੈ | ਰੱਖਿਆ ਮੰਤਰੀ ਨੇ ਤੇਜਸ ਲਾਈਟ ਕੰਬੈਟ ਏਅਰਕ੍ਰਾਫਟ (ਐੱਲ ਸੀ ਏ)-ਐੱਮ ਕੇ 1 ਏ ਦੀ ਤੀਸਰੀ ਉਤਪਾਦਨ ਲਾਈਨ ਅਤੇ ਟ੍ਰੇਨਰ ਜੈੱਟ ਐੱਚ ਟੀ ਟੀ -40 ਦੀ ਦੂਸਰੀ ਨਿਰਮਾਣ ਸਹੂਲਤ ਦਾ ਉਦਘਾਟਨ ਕਰਨ ਦੇ ਬਾਅਦ ਇਹ ਗੱਲ ਆਖੀ | ਤੇਜਸ ਜੈੱਟ ਦੇ ਲਈ ਨਵੀਂ ਸਹੂਲਤ ਦੇ ਖੁੱਲ੍ਹਣ ਨਾਲ, ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ ਏ ਐੱਲ) ਵਲੋਂ ਘੱਟ ਤੋਂ ਘੱਟ 24 ਐੱਲ ਸੀ ਏ ਜਹਾਜ਼ਾਂ ਦਾ ਉਤਪਾਦਨ ਕੀਤੇ ਜਾਣ ਦੀ ਉਮੀਦ ਹੈ | ਰਾਜਨਾਥ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ ਆਪਣੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੂਸਰੇ ਦੇਸ਼ਾਂ 'ਤੇ ਨਿਰਭਰ ਸੀ ਅਤੇ ਲਗਭਗ 65-70 ਫੀਸਦੀ ਰੱਖਿਆ ਯੰਤਰ ਦਰਾਮਦ ਕੀਤੇ ਜਾਂਦੇ ਸਨ, ਪ੍ਰੰਤੂ ਅੱਜ ਇਹ ਸਥਿਤੀ ਬਦਲ ਗਈ ਹੈ | ਹੁਣ ਭਾਰਤ 65 ਫੀਸਦੀ ਨਿਰਮਾਣ ਆਪਣੀ ਧਰਤੀ 'ਤੇ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਅਸੀਂ ਘਰੇਲੂ ਨਿਰਮਾਣ ਨੂੰ ਵੀ 100 ਫੀਸਦੀ ਤੱਕ ਲੈ ਜਾਵਾਂਗੇ |
ਸਵਦੇਸ਼ੀ ਤੇਜਸ ਨੇ ਭਰੀ ਪਹਿਲੀ ਉਡਾਣ
ਅਜੀਤ ਡੈਸਕ
18-10-2025