ਪਾਰਟੀ ਵਲੋਂ ਲਏ ਗਏ ਫ਼ੈਸਲਿਆਂ 'ਤੇ ਜਤਾਈ ਨਿਰਾਸ਼ਾ
ਖਰੜ, 18 ਜੁਲਾਈ (ਤਰਸੇਮ ਸਿੰਘ ਜੰਡਪੁਰੀ/ਗੁਰਮੱੁਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਤੇ ਗਿਲਕੋ ਗਰੁੱਪ ਦੇ ਐਮ. ਡੀ. ਰਣਜੀਤ ਸਿੰਘ ਗਿੱਲ ਵਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ | ਇਸ ਸੰਬੰਧੀ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਸਿਰਮੌਰ ਜਥੇਬੰਦੀ ਹੈ, ਨੇ ਹਮੇਸ਼ਾ ਹੀ ਪੰਜਾਬ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕੀਤਾ ਹੈ | ਅੱਜ ਪਾਰਟੀ ਦੀ ਬਦਕਿਸਮਤੀ ਹੈ ਕਿ ਕੁੱਝ ਲੋਕਾਂ ਦੀ ਜੁੰਡਲੀ ਹੀ ਸਾਰੇ ਫ਼ੈਸਲੇ ਲੈ ਰਹੀ ਹੈ, ਜਿਸ ਨਾਲ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਖੇਤਰ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ ਅਤੇ ਇਸ ਦੌਰਾਨ ਵਰਕਰਾਂ 'ਚ ਵੀ ਪਾਰਟੀ ਵਲੋਂ ਲਏ ਜਾ ਰਹੇ ਫ਼ੈਸਲਿਆਂ ਨੂੰ ਲੈ ਕੇ ਨਿਰਾਸ਼ਾ ਦਿਖਾਈ ਦਿੱਤੀ | ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਵਰਗੇ ਅਕਾਲੀ ਵਰਕਰਾਂ ਦੀ ਸਹਿਮਤੀ ਨਾਲ ਹੀ ਪਾਰਟੀ ਨੂੰ ਅਲਵਿਦਾ ਆਖਿਆ ਹੈ | ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਹਲਕੇ ਦੇ ਲੋਕਾਂ ਦੀ ਨਾਰਾਜ਼ਗੀ ਨੂੰ ਲਿਆਂਦਾ ਸੀ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ | ਉਸ ਸਮੇਂ ਉਨ੍ਹਾਂ ਨਾਲ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਸਨ | ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਆਖਿਆ ਹੈ, ਪਰ ਸਿਆਸਤ ਨਹੀਂ ਛੱਡੀ | ਖੇਤਰ ਦੇ ਲੋਕ ਤੇ ਸਾਥੀ ਉਨ੍ਹਾਂ ਨੂੰ ਜਿਸ ਵੀ ਪਾਰਟੀ 'ਚ ਜਾਣ ਲਈ ਆਖਣਗੇ ਜਾਂ ਆਜ਼ਾਦ ਤੌਰ 'ਤੇ ਚੋਣ ਲੜਨ ਲਈ ਆਖਣਗੇ, ਉਸ ਅਨੁਸਾਰ ਹੀ ਉਹ ਅਗਲਾ ਫ਼ੈਸਲਾ ਲੈਣਗੇ | ਉਨ੍ਹਾਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਅੱਜ ਵੀ ਸਤਿਕਾਰ ਕਰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਵਿਚ ਉਹ ਲੋਕ ਫ਼ੈਸਲੇ ਲੈ ਰਹੇ ਹਨ, ਜੋ ਕਿ ਚੋਣਾਂ 'ਚ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ |
ਭਾਜਪਾ 'ਚ ਸ਼ਾਮਿਲ ਹੋਣ ਦੇ ਸੰਕੇਤ
ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਣ ਵਾਲੇ ਰਣਜੀਤ ਸਿੰਘ ਗਿੱਲ ਨੇ ਭਾਵੇਂ ਪੈੱ੍ਰਸ ਕਾਨਫ਼ਰੰਸ ਦੌਰਾਨ ਕਿਸੇ ਵੀ ਪਾਰਟੀ 'ਚ ਸ਼ਾਮਿਲ ਨਾ ਹੋਣ ਦੀ ਗੱਲ ਆਖੀ ਹੈ, ਪਰ ਅੱਜ ਦੇ ਘਟਨਾਕ੍ਰਮ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉਹ ਹਫ਼ਤੇ ਤੱਕ ਭਾਜਪਾ 'ਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਆਪਣੇ ਬਿਆਨ 'ਚ ਕਾਂਗਰਸੀ ਚਮਚੇ ਅਤੇ ਗਾਂਧੀ ਖ਼ਾਨਦਾਨ ਦੇ ਦਿੱਲੀ ਵਾਲਿਆਂ ਦੀ ਵੀ ਗੱਲ ਆਖੀ ਹੈ | ਭਾਵੇਂ ਗਿੱਲ ਦੇ ਕਾਂਗਰਸ ਜਾਂ 'ਆਪ' 'ਚ ਸ਼ਾਮਿਲ ਹੋਣ ਦੇ ਲੋਕਾਂ ਵਲੋਂ ਕਿਆਸ ਲਗਾਏ ਜਾ ਰਹੇ ਹਨ, ਪਰ ਗਿੱਲ ਦੇ ਭਾਜਪਾ 'ਚ ਸ਼ਾਮਿਲ ਹੋਣ ਦੇ ਜ਼ਿਆਦਾ ਚਰਚੇ ਹਨ |
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਣਜੀਤ ਸਿੰਘ ਗਿੱਲ ਵਲੋਂ ਅਸਤੀਫ਼ਾ <br/>
ਅਜੀਤ ਡੈਸਕ
19-07-2025