ਕਿਹਾ, ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲਿਆਂ ਨੂੰ 'ਅਯੋਗ ਮਾਪੇ' ਐਲਾਨਿਆ ਜਾਵੇਗਾ
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ 'ਪ੍ਰਾਜੈਕਟ ਜੀਵਨਜੋਤ-2' ਤਹਿਤ ਸਿਰਫ਼ ਦੋ ਦਿਨਾਂ 'ਚ 18 ਥਾਵਾਂ 'ਤੇ ਛਾਪੇਮਾਰੀ ਦੌਰਾਨ 41 ਬੱਚਿਆਂ ਨੂੰ ਬਚਾਇਆ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਮਿਸ਼ਨ ਸਤੰਬਰ 2024 'ਚ ਸ਼ੁਰੂ ਕੀਤਾ ਸੀ | ਸਮਰਪਿਤ ਬਚਾਅ ਟੀਮਾਂ ਨੇ ਰਾਜ ਭਰ 'ਚ ਭੀਖ ਮੰਗਦੇ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਸੀ | ਉਨ੍ਹਾਂ ਕਿਹਾ ਕਿ 183 ਬੱਚਿਆਂ ਨੂੰ ਸਕੂਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ 6 ਸਾਲ ਤੋਂ ਘੱਟ ਉਮਰ ਦੇ 13 ਬੱਚਿਆਂ ਨੂੰ ਦੇਖਭਾਲ ਲਈ ਆਂਗਣਵਾੜੀ ਕੇਂਦਰਾਂ 'ਚ ਦਾਖ਼ਲ ਕੀਤਾ ਗਿਆ | ਬਹੁਤ ਗਰੀਬ ਪਰਿਵਾਰਾਂ ਦੇ 30 ਬੱਚਿਆਂ ਨੂੰ ਸਪਾਂਸਰਸ਼ਿਪ ਯੋਜਨਾ 'ਚ ਦਾਖ਼ਲ ਕੀਤਾ ਗਿਆ, ਜਿਨ੍ਹਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਸਿੱਖਿਆ ਨਿਰਵਿਘਨ ਜਾਰੀ ਰਹੇ | 16 ਬੱਚਿਆਂ ਨੂੰ ਰਾਜ ਦੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ, ਜਿਨ੍ਹਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਇਆ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਯਤਨਾਂ ਦੇ ਬਾਵਜੂਦ 57 ਬੱਚੇ ਉਨ੍ਹਾਂ ਸਕੂਲਾਂ ਜਾਂ ਘਰਾਂ ਤੋਂ ਦੁਬਾਰਾ ਲਾਪਤਾ ਪਾਏ ਗਏ, ਜਿਥੇ ਉਨ੍ਹਾਂ ਨੂੰ ਭੇਜਿਆ ਗਿਆ ਸੀ | ਬਲਜੀਤ ਕੌਰ ਨੇ ਕਿਹਾ ਕਿ ਬਠਿੰਡਾ 'ਚ ਪਹਿਲਾਂ ਹੀ ਇਕ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ, ਜਿਥੇ 20 ਬੱਚਿਆਂ ਨੂੰ ਉਨ੍ਹਾਂ ਪਿੰਡਾਂ ਤੋਂ ਬਚਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਭੀਖ ਮੰਗਣ ਲਈ ਸ਼ੋਸ਼ਣ ਕੀਤੇ ਜਾਣ ਦਾ ਸ਼ੱਕ ਸੀ | ਇਸ ਪ੍ਰਾਜੈਕਟ ਤਹਿਤ ਉਨ੍ਹਾਂ ਮਾਪਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ | ਉਨ੍ਹਾਂ ਨੂੰ ਪਹਿਲੇ ਅਪਰਾਧ ਲਈ ਚਿਤਾਵਨੀ ਦਿੱਤੀ ਜਾ ਸਕਦੀ ਹੈ ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ 'ਅਯੋਗ ਮਾਪੇ' ਐਲਾਨਿਆ ਜਾਵੇਗਾ |
'ਪ੍ਰਾਜੈਕਟ ਜੀਵਨਜੋਤ-2' ਤਹਿਤ ਦੋ ਦਿਨਾਂ 'ਚ 41 ਬੱਚਿਆਂ ਨੂੰ ਬਚਾਇਆ ਗਿਆ-ਡਾ. ਬਲਜੀਤ ਕੌਰ
ਅਜੀਤ ਡੈਸਕ
19-07-2025