ਕਿਹਾ, ਸਿੱਧਵਾਂ ਨਹਿਰ ਦੇ ਦੋ ਪੁਲ ਹੋਣਗੇ 15 ਅਗਸਤ ਤੱਕ ਪੂਰੇ
ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸੂਬੇ ਦੇ ਉਦਯੋਗ ਅਤੇ ਵਣਜ, ਨਿਵੇਸ਼ ਪਸਾਰ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਵਰਚੂਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਕਰਨਗੇ | ਮੰਤਰੀ ਅਰੋੜਾ ਨੇ ਲੁਧਿਆਣਾ ਦੇ ਬੱਚਤ ਭਵਨ ਵਿਖੇ ਇਕ ਉਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ, ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਦਘਾਟਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਟਰਮੀਨਲ 27 ਜੁਲਾਈ ਨੂੰ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਏਅਰ ਇੰਡੀਆ ਉਡਾਣ ਸ਼ੁਰੂ ਹੋਣ ਦੀਆਂ ਤਰੀਕਾਂ ਦਾ ਐਲਾਨ ਕਰੇਗੀ | ਮੰਤਰੀ ਅਰੋੜਾ ਨੇ ਬੱਸ ਸਟੈਂਡ ਦੇ ਨੇੜੇ ਇਕ ਪੈਦਲ ਅਤੇ ਦੋਪਹੀਆ ਵਾਹਨ ਓਵਰਬਿ੍ਜ ਬਣਾਉਣ ਦਾ ਪ੍ਰਸਤਾਵ ਰੱਖਿਆ ਤਾਂ ਜੋ ਆਵਾਜਾਈ ਸਮੱਸਿਆ ਘੱਟ ਹੋ ਸਕੇ | ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੂੰ ਇਸ ਪ੍ਰਸਤਾਵ 'ਤੇ ਇਕ ਵਿਸਤਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ | ਇਸ ਤੋਂ ਇਲਾਵਾ ਉਨ੍ਹਾਂ ਸਿਧਵਾਂ ਨਹਿਰ 'ਤੇ ਚਾਰ ਪੁਲਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਦੱਸਿਆ ਕਿ ਦੋ ਪੁਲ 15 ਅਗਸਤ ਤੱਕ ਪੂਰੇ ਹੋ ਜਾਣਗੇ ਅਤੇ ਬਾਕੀ ਦੋ ਪੁਲਾਂ ਦਾ ਕੰਮ ਸਤੰਬਰ ਤੱਕ ਪੂਰਾ ਹੋਵੇਗਾ | ਉਨ੍ਹਾਂ ਨੇ ਕਈ ਐਨ.ਐਚ.ਏ.ਆਈ. ਪ੍ਰਾਜੈਕਟਾਂ ਦੀ ਸਮੀਖਿਆ ਵੀ ਕੀਤੀ | ਇਸ ਦੇ ਨਾਲ ਹੀ ਸਿਵਲ ਹਸਪਤਾਲ, ਨਵੇਂ ਈ.ਐਸ.ਆਈ.ਸੀ. ਮੈਡੀਕਲ ਕਾਲਜ, ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਸਰਕਾਰੀ ਸਕੂਲਾਂ ਵਿਚ ਵਿਕਾਸ ਕੰਮਾਂ ਉਪਰ ਵੀ ਚਰਚਾ ਕੀਤੀ | ਉਨ੍ਹਾਂ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਟ੍ਰੈਫਿਕ ਪ੍ਰਬੰਧਨ 'ਤੇ ਵੀ ਚਰਚਾ ਕੀਤੀ |
ਪ੍ਰਧਾਨ ਮੰਤਰੀ 27 ਨੂੰ ਕਰਨਗੇ ਹਲਵਾਰਾ ਹਵਾਈ ਅੱਡੇ ਦਾ ਵਰਚੂਅਲ ਉਦਘਾਟਨ-ਅਰੋੜਾ
ਅਜੀਤ ਡੈਸਕ
19-07-2025