ਟਰੰਪ ਦੇ ਸੰਭਾਵਿਤ ਭਾਰਤ ਦੌਰੇ ਨੂੰ ਲੈ ਕੇ ਪਾਕਿ ਮੀਡੀਆ ਪੱਬਾਂ ਭਾਰ
ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨੀ ਮੀਡੀਆ ਵਲੋਂ ਸੂਤਰਾਂ ਦੇ ਹਵਾਲੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੱਖਣੀ ਏਸ਼ੀਆ ਦੇ ਆਪਣੇ ਦੌਰੇ ਦੌਰਾਨ 18 ਸਤੰਬਰ ਨੂੰ ਪਾਕਿਸਤਾਨ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ | ਪਾਕਿਸਤਾਨੀ ਅਖ਼ਬਾਰਾਂ, ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਿਸ ਤਰ੍ਹਾਂ ਨਾਲ ਚਰਚਾ ਚਲ ਰਹੀ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਪਾਕਿਸਤਾਨੀ ਸਿਆਸਤਦਾਨ ਅਤੇ ਉੱਥੋਂ ਦਾ ਮੀਡੀਆ ਪੱਬਾਂ ਭਾਰ ਹੋ ਕੇ ਟਰੰਪ ਦੇ ਪਾਕਿ ਪਹੁੰਚਣ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹੈ | ਕੂਟਨੀਤਕ ਸੂਤਰਾਂ ਅਨੁਸਾਰ ਟਰੰਪ ਆਪਣੇ ਖੇਤਰੀ ਰੁਝੇਵਿਆਂ ਦੇ ਹਿੱਸੇ ਵਜੋਂ ਭਾਰਤ ਦੇ ਦੌਰੇ ਦੀ ਯੋਜਨਾ ਬਣਾ ਰਹੇ ਹਨ | ਦੱਸਣਯੋਗ ਹੈ ਕਿ ਭਾਰਤ ਸਤੰਬਰ 'ਚ ਕਵਾਡ ਨੇਤਾਵਾਂ ਦੇ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਹੈ, ਜਿਸ ਦੌਰਾਨ ਟਰੰਪ ਦੇ ਨਵੀਂ ਦਿੱਲੀ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੇ ਇਸ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਪਾਕਿ ਵਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟਰੰਪ ਭਾਰਤ ਜਾਂਦੇ ਸਮੇਂ ਜਾਂ ਆਪਣੀ ਵਾਪਸੀ 'ਤੇ ਪਾਕਿਸਤਾਨ ਵਿਚ ਥੋੜ੍ਹੀ ਦੇਰ ਲਈ ਰੁਕ ਸਕਦੇ ਹਨ | ਹਾਲਾਂਕਿ, ਅਜੇ ਅਮਰੀਕਾ ਵਲੋਂ ਇਸ ਦੌਰੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ |
ਦੱਖਣੀ ਏਸ਼ੀਆ ਦੌਰੇ ਦੌਰਾਨ 18 ਸਤੰਬਰ ਨੂੰ ਟਰੰਪ ਦੇ ਪਾਕਿ ਜਾਣ ਦੀ ਸੰਭਾਵਨਾ <br/>
ਅਜੀਤ ਡੈਸਕ
18-07-2025