ਜੈਪੁਰ, 17 ਜੁਲਾਈ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਨੂੰ ਇਕ ਸਖ਼ਤ ਸੰਦੇਸ਼ ਗਿਆ ਹੈ ਕਿ ਕਿਸੇ ਨੂੰ ਵੀ ਭਾਰਤ ਦੇ ਨਾਗਰਿਕਾਂ, ਇਸ ਦੀਆਂ ਸਰਹੱਦਾਂ ਜਾਂ ਇਸ ਦੀਆਂ ਰੱਖਿਆ ਬਲਾਂ ਨਾਲ ਖਿਲਵਾੜ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਜੋ ਅਜਿਹਾ ਕਰਨਗੇ, ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ | ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਕੀਤੇ ਗਏ ਆਪ੍ਰੇਸ਼ਨ ਸੰਧੂਰ ਦਾ ਹਵਾਲਾ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਦਾ ਸਭ ਤੋਂ ਵੱਡਾ ਕੰਮ ਕੀਤਾ ਹੈ, ਜਦੋਂਕਿ ਕਾਂਗਰਸ ਦੇ ਰਾਜ ਦੌਰਾਨ ਦੇਸ਼ ਨੂੰ ਲਗਭਗ ਹਰ ਰੋਜ਼ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਜਦੋਂ ਉੜੀ ਹਮਲਾ ਹੋਇਆ ਤਾਂ ਮੋਦੀ ਨੇ ਫੈਸਲਾਕੁੰਨ ਕਾਰਵਾਈ ਕੀਤੀ ਅਤੇ ਇਕ ਸਰਜੀਕਲ ਸਟ੍ਰਾਈਕ ਕੀਤੀ ਗਈ | ਜਦੋਂ ਪਹਿਲਗਾਮ 'ਚ ਹਮਲਾ ਹੋਇਆ ਤਾਂ ਪਾਕਿਸਤਾਨ ਦੇ ਅੰਦਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਗਿਆ | ਅਮਿਤ ਸ਼ਾਹ, ਜੋ ਕਿ ਸਹਿਕਾਰਤਾ ਮੰਤਰੀ ਵੀ ਹਨ, ਅੰਤਰਰਾਸ਼ਟਰੀ ਸਹਿਕਾਰੀ ਸਾਲ 2025 ਦੇ ਮੌਕੇ ਇਥੇ ਇਕ ਸਮਾਗਮ 'ਚ ਸ਼ਾਮਿਲ ਹੋਣ ਲਈ ਪਹੁੰਚੇ ਸਨ | ਉਨ੍ਹਾਂ ਅੱਗੇ ਕਿਹਾ ਕਿ ਮੋਦੀ ਨੇ ਇਕ ਖੁਸ਼ਹਾਲ, ਸੁਰੱਖਿਅਤ ਤੇ ਵਿਕਸਤ ਭਾਰਤ ਦੇ ਦਿ੍ਸ਼ਟੀਕੋਣ ਨੂੰ ਹਕੀਕਤ 'ਚ ਬਦਲ ਦਿੱਤਾ ਹੈ | ਸ਼ਾਹ ਨੇ ਪਿਛਲੀ ਸਦੀ ਦੌਰਾਨ ਦੇਸ਼ ਦੇ ਵਿਕਾਸ 'ਚ ਸਹਿਕਾਰੀ ਖੇਤਰ ਦੁਆਰਾ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਗਲੇ 100 ਸਾਲ ਸਹਿਕਾਰੀ ਸਭਾਵਾਂ ਦੇ ਸਾਲ ਹਨ |