ਪੰਜਾਬ ਦਾ ਸਭ ਤੋਂ 'ਪ੍ਰੋਮੀਸਿੰਗ' ਸਾਫ਼ ਸ਼ਹਿਰ ਬਣਿਆ ਬਠਿੰਡਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਜੁਲਾਈ-ਦਿੱਲੀ ਦੇ ਵਿਗਿਆਨ ਭਵਨ 'ਚ ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਵੱਛ ਸਰਵੇਖਣ 2024-25 ਦੇ ਐਵਾਰਡ ਪ੍ਰਦਾਨ ਕੀਤੇ ਗਏ, ਜਿਸ ਦੌਰਾਨ ਜਿਥੇ ਚੰਡੀਗੜ੍ਹ ਨੂੰ 'ਸੁਪਰ ਸਵੱਛ ਲੀਗ' ਵਿਚ ਦੂਸਰਾ ਸਥਾਨ ਪ੍ਰਾਪਤ ਹੋਇਆ, ਉਥੇ ਬਠਿੰਡਾ ਸ਼ਹਿਰ ਦਾ ਨਾਂਅ ਪੰਜਾਬ ਦੇ 'ਪ੍ਰੋਮੀਸਿੰਗ', ਭਾਵ ਸਵੱਛਤਾ ਪੱਖੋਂ ਅੱਗੇ ਵਧਣ ਦੀ ਸਮਰੱਥਾ ਰੱਖਣ ਵਾਲੇ ਸ਼ਹਿਰ ਵਜੋਂ ਦਰਜ ਕੀਤਾ ਗਿਆ ਹੈ | ਹਾਲਾਂਕਿ, ਸਵੱਛਤਾ ਪੱਖੋਂ ਪੰਜਾਬ ਦੇ ਸ਼ਹਿਰ ਦੇਸ਼ ਦੇ ਸਵੱਛ ਸਰਵੇਖਣ ਦੀ ਸੂਚੀ ਦੇ ਸਿਖਰਲੇ ਮੁਕਾਮ 'ਚ ਪਹੁੰਚਣ ਦਾ ਹੰਭਲਾ ਮਾਰਨ 'ਚ ਨਾਕਾਮ ਰਹੇ ਹਨ | ਪੰਜਾਬ ਦੇ ਬਠਿੰਡਾ ਦਾ ਨਾਂਅ ਸਰਕਾਰ ਵਲੋਂ ਪ੍ਰਦਾਨ ਕੀਤੇ ਸਵੱਛ ਸਰਵੇਖਣ 2024-25 ਦੌਰਾਨ ਸ਼ੁਰੂ ਕੀਤੇ ਵਿਸ਼ੇਸ਼ ਵਰਗ 'ਚ ਸ਼ਾਮਿਲ ਕੀਤਾ ਗਿਆ ਹੈ | ਇਸ ਸਾਲ ਸ਼ੁਰੂ ਕੀਤੇ ਗਏ ਇਸ ਵਰਗ 'ਚ ਹਰ ਸੂਬੇ ਦੇ ਇਕ ਸ਼ਹਿਰ ਨੂੰ ਉਸ ਰਾਜ ਦਾ 'ਪ੍ਰੋਮੀਸਿੰਗ' ਸ਼ਹਿਰ ਐਲਾਨਿਆ ਗਿਆ | ਇਸ ਵਰਗ 'ਚ ਕੁੱਲ 33 ਐਵਾਰਡ ਪ੍ਰਦਾਨ ਕੀਤੇ ਗਏ ਹਨ | ਜਿਸ 'ਚ ਹਰਿਆਣਾ ਦੇ ਸੋਨੀਪਤ ਅਤੇ ਹਿਮਾਚਲ ਪ੍ਰਦੇਸ਼ ਦੇ ਥਿਓਗ ਦਾ ਨਾਂਅ ਵੀ ਸ਼ਾਮਿਲ ਹੈ |
ਚੰਡੀਗੜ੍ਹ ਨੂੰ ਵੀ ਮਿਲਿਆ 'ਸੁਪਰ ਸਵੱਛ ਲੀਗ' 'ਚ ਸਥਾਨ
ਚੰਡੀਗੜ੍ਹ ਨੂੰ 3 ਤੋਂ 10 ਲੱਖ ਦੀ ਆਬਾਦੀ ਦੇ ਵਰਗ 'ਚ 'ਸੁਪਰ ਸਵੱਛ ਲੀਗ' 'ਚ ਦੂਜਾ ਸਥਾਨ ਹਾਸਿਲ ਹੋਇਆ | ਚੰਡੀਗੜ੍ਹ ਤੋਂ ਇਲਾਵਾ ਇਸ ਵਰਗ 'ਚ ਨੋਇਡਾ, ਉਜੈਨ, ਗਾਂਧੀਨਗਰ, ਗੰਟੂਰ ਅਤੇ ਮੈਸੂਰ ਸ਼ਾਮਿਲ ਹਨ | 50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਹੇਠ ਨਵੀਂ ਦਿੱਲੀ, ਅੰਬਿਕਾਪੁਰ, ਲੋਨਾਵਾਨਾ ਅਤੇ ਤਿਰੂਪਤੀ ਨੂੰ ਤੇ 20 ਹਜ਼ਾਰ ਤੋਂ 50 ਹਜ਼ਾਰ ਦੀ ਆਬਾਦੀ ਹੇਠ ਡੂੰਗਰਪੁਰ, ਵੀਟਾ, ਸਾਸਵਾੜ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ |
ਰਾਸ਼ਟਰੀ ਪੱਧਰ 'ਤੇ ਸਾਫ਼ ਸ਼ਹਿਰ
ਰਾਸ਼ਟਰੀ ਪੱਧਰ 'ਤੇ 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸਾਫ਼ ਸ਼ਹਿਰਾਂ 'ਚ ਅਹਿਮਦਾਬਾਦ, ਭੋਪਾਲ ਅਤੇ ਲਖਨਊ ਦਾ ਨਾਂਅ ਸ਼ਾਮਿਲ ਹੈ, ਜਦਕਿ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ 'ਚ ਮੀਰਾ ਭਾਂਸਦਰ, ਬਿਲਾਸਪੁਰ ਅਤੇ ਜਮਸ਼ੇਦਪੁਰ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ ਹੈ |
ਮੱਧ ਪ੍ਰਦੇਸ਼ ਦਾ ਇੰਦੌਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ
ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ 8ਵੀਂ ਵਾਰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇੰਦੌਰ ਨੂੰ ਇਹ ਐਵਾਰਡ 'ਸਵੱਛਤਾ ਸੁਪਰ ਲੀਗ' ਵਰਗ 'ਚ ਦਿੱਤਾ ਗਿਆ ਹੈ | ਇਸ ਵਰਗ 'ਚ ਉਹ ਸ਼ਹਿਰ ਸ਼ਾਮਿਲ ਕੀਤੇ ਜਾਂਦੇ ਹਨ ਜੋ ਲਗਾਤਾਰ 3 ਸਾਲਾਂ ਤੋਂ ਚੋਟੀ ਦੇ 3 ਸਥਾਨਾਂ 'ਤੇ ਹੋਣ | ਇੰਦੌਰ ਤੋਂ ਇਲਾਵਾ ਸੂਰਤ, ਨਵੀ ਮੁੰਬਈ ਅਤੇ ਵਿਜੈਵਾੜਾ ਨੂੰ 'ਸਵੱਛ ਸੁਪਰ ਲੀਗ' ਦੇ ਐਵਾਰਡ ਪ੍ਰਦਾਨ ਕੀਤੇ ਗਏ | ਜ਼ਿਕਰਯੋਗ ਹੈ ਕਿ ਹਰ ਵਰਗ 'ਚ ਐਵਾਰਡਾਂ ਨੂੰ ਆਬਾਦੀ ਦੇ ਲਿਹਾਜ਼ ਨਾਲ 5 ਵਰਗਾਂ 'ਚ ਵੰਡਿਆ ਗਿਆ ਹੈ | 10 ਲੱਖ ਤੋਂ ਵੱਧ ਦੀ ਆਬਾਦੀ, 3 ਲੱਖ ਤੋਂ 10 ਲੱਖ ਤੱਕ ਦੀ ਆਬਾਦੀ, 50 ਹਜ਼ਾਰ ਤੋਂ 3 ਲੱਖ ਤੱਕ ਦੀ ਆਬਾਦੀ, 20 ਹਜ਼ਾਰ ਤੋਂ 50 ਹਜ਼ਾਰ ਤੱਕ ਦੀ ਆਬਾਦੀ ਅਤੇ 20 ਹਜ਼ਾਰ ਤੋਂ ਘੱਟ ਦੀ ਆਬਾਦੀ | ਇੰਦੌਰ, ਸੂਰਤ, ਨਵੀ ਮੁੰਬਈ ਨੂੰ ਐਵਾਰਡ 10 ਲੱਖ ਤੋਂ ਵੱਧ ਦੀ ਆਬਾਦੀ ਦੇ ਵਰਗ 'ਚ ਮਿਲਿਆ ਹੈ |
ਵਿਸ਼ੇਸ਼ ਵਰਗ
ਵਿਸੇਸ਼ ਵਰਗ 'ਚ ਸਾਫ ਕੈਂਟੋਨਮੈਂਟ ਬੋਰਡ ਦੇ ਵਰਗ ਤਹਿਤ ਜਿਥੇ ਸਿੰਕਦਰਾਬਾਦ ਨੂੰ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ, ਉੱਥੇ ਅੰਮਿ੍ਤਸਰ ਕੈਂਟ 9ਵੇਂ, ਜਲੰਧਰ ਕੈਂਟ 16ਵੇਂ ਅਤੇ ਫਿਰੋਜ਼ਪੁਰ ਕੈਂਟ 24ਵੇਂ ਸਥਾਨ 'ਤੇ ਰਿਹਾ | ਜ਼ਿਕਰਯੋਗ ਹੈ ਕਿ ਸਵੱਛ ਸਰਵੇਖਣ ਨਾਲ 2016 ਤੋਂ 73 ਸ਼ਹਿਰਾਂ ਦੀ ਰੈਂਕਿੰਗ ਨਾਲ ਸ਼ੁਰੂ ਹੋਇਆ ਸੀ | ਜਦਕਿ ਨਾਲ 2024-25 ਦੇ ਸਰਵੇਖਣ 'ਚ 4589 ਸਹਿਰਾਂ ਦੀ ਰੈਂਕਿੰਗ ਕੀਤੀ ਗਈ ਹੈ |
ਚੰਡੀਗੜ੍ਹ 'ਸੁਪਰ ਸਵੱਛ ਲੀਗ' ਵਿਚ ਦੂਸਰੇ ਸਥਾਨ 'ਤੇ <br/>
ਅਜੀਤ ਡੈਸਕ
18-07-2025