ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ-ਮਿ੍ਤਕਾਂ 'ਚ ਬੱਚੇ ਵੀ ਸ਼ਾਮਿਲ
ਬਗਦਾਦ, 17 ਜੁਲਾਈ (ਏਜੰਸੀ) -ਇਰਾਕ ਵਿਚ ਇਕ ਨਵੇਂ ਖੁੱਲ੍ਹੇ ਸ਼ਾਪਿੰਗ ਸੈਂਟਰ ਵਿਚ ਅੱਗ ਲੱਗ ਗਈ, ਜਿਸ ਕਾਰਨ ਬੱਚਿਆਂ ਸਮੇਤ 61 ਤੋਂ ਵੱਧ ਲੋਕ ਮਾਰੇ ਗਏ | ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਵਾਸਿਤ ਸੂਬੇ ਦੇ ਕੁਟ ਸ਼ਹਿਰ 'ਚ ਬੁੱਧਵਾਰ ਦੇਰ ਰਾਤ ਅੱਗ ਲੱਗਣ ਕਾਰਨ ਸਿਵਲ ਡਿਫੈਂਸ ਟੀਮਾਂ ਨੇ 45 ਤੋਂ ਵੱਧ ਲੋਕਾਂ ਨੂੰ ਬਚਾਇਆ | ਸਰਕਾਰੀ ਇਰਾਕੀ ਨਿਊਜ਼ ਏਜੰਸੀ ਅਨੁਸਾਰ ਹੋਰ ਅਜੇ ਵੀ ਲਾਪਤਾ ਹਨ | ਸਥਾਨਕ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ 'ਚ ਦਿਖਾਇਆ ਗਿਆ ਹੈ ਕਿ ਪੰਜ ਮੰਜ਼ਿਲਾ ਕੋਰਨੀਚ ਹਾਈਪਰਮਾਰਕੀਟ ਮਾਲ, ਜੋ ਸਿਰਫ ਇਕ ਹਫ਼ਤਾ ਪਹਿਲਾਂ ਹੀ ਖੁੱਲਿ੍ਹਆ ਸੀ, ਪੂਰੀ ਤਰ੍ਹਾਂ ਅੱਗ 'ਚ ਘਿਰਿਆ ਹੋਇਆ ਹੈ | ਇਰਾਕ ਦੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸ਼ਾਪਿੰਗ ਸੈਂਟਰ 'ਚ ਅੱਗ ਲੱਗਣ ਕਾਰਨ 61 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ | ਮਿ੍ਤਕਾਂ 'ਚ 14 ਸੜੀਆਂ ਹੋਈਆਂ ਲਾਸ਼ਾਂ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ | ਸੂਬਾਈ ਗਵਰਨਰ ਮੁਹੰਮਦ ਅਲ-ਮੀਆਹੀ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਮਾਰਤ ਦੇ ਮਾਲਕ ਅਤੇ ਸ਼ਾਪਿੰਗ ਸੈਂਟਰ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਜੁਲਾਈ 2021 'ਚ ਇਰਾਕੀ ਸ਼ਹਿਰ ਨਸੀਰੀਆ ਦੇ ਇਕ ਹਸਪਤਾਲ 'ਚ ਲੱਗੀ ਅੱਗ ਕਾਰਨ 92 ਲੋਕ ਮਾਰੇ ਗਏ ਸਨ, ਜਦੋਂਕਿ 2023 'ਚ ਨੀਨੇਵੇਹ ਸੂਬੇ ਦੇ ਹਮਦਾਨੀਆ ਦੇ ਇਕ ਵਿਆਹ ਹਾਲ 'ਚ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ |
ਇਰਾਕ 'ਚ ਇਕ ਹਫ਼ਤਾ ਪਹਿਲਾਂ ਖੁੱਲ੍ਹੇ ਸ਼ਾਪਿੰਗ ਮਾਲ ਨੂੰ ਲੱਗੀ ਅੱਗ-61 ਮੌਤਾਂ <br/>
ਅਜੀਤ ਡੈਸਕ
18-07-2025