ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤਾ<br> ਦੋਵੇਂ ਧਿਰਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ-ਭਾਰਤ
ਅਜੀਤ ਡੈਸਕ
18-07-2025
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫ਼ਤਾਵਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਲਈ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਹੈ | ਦੋਵੇਂ ਧਿਰਾਂ ਇਕ ਦੂਜੇ ਦੇ ਸੰਪਰਕ 'ਚ ਹਨ ਅਤੇ ਉਹ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਵਿਦੇਸ਼ ਮੰਤਰਾਲੇ ਦੀਆਂ ਇਹ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਇਕ ਦਿਨ ਬਾਅਦ 'ਚ ਆਈਆਂ ਹਨ ਕਿ ਵਾਸ਼ਿੰਗਟਨ ਭਾਰਤ ਨਾਲ ਵਪਾਰ ਸਮਝੌਤੇ ਦੇ ਬਹੁਤ ਨੇੜੇ ਹੈ | ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਲਈ ਲਗਾਤਾਰ ਸੰਪਰਕ 'ਚ ਹਨ ਤਾਂ ਜੋ ਮੁੱਖ ਤੌਰ 'ਤੇ ਟੈਰਿਫ ਨੂੰ 20
ਫ਼ੀਸਦੀ ਤੋਂ ਘੱਟ ਰੱਖਿਆ ਜਾ ਸਕੇ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਸਤਾਵਿਤ ਸਮਝੌਤਾ ਅਮਰੀਕੀ ਕੰਪਨੀਆਂ ਨੂੰ ਅਮਰੀਕਾ ਅਤੇ ਇੰਡੋਨੇਸ਼ੀਆ ਵਿਚਕਾਰ ਵਪਾਰ ਸਮਝੌਤੇ ਅਨੁਸਾਰ ਭਾਰਤੀ ਬਾਜ਼ਾਰ 'ਚ ਵਧੇਰੇ ਪਹੁੰਚ ਪ੍ਰਦਾਨ ਕਰ ਸਕਦਾ ਹੈ | ਵਾਸ਼ਿੰਗਟਨ ਪਹਿਲਾਂ ਹੀ ਕਈ ਦੇਸ਼ਾਂ ਨੂੰ ਪੱਤਰ ਭੇਜ ਚੁੱਕਾ ਹੈ, ਜਿਸ 'ਚ 1 ਅਗਸਤ ਤੋਂ ਲਾਗੂ ਹੋਣ ਵਾਲੀਆਂ ਪਰਸਪਰ ਟੈਰਿਫ ਦਰਾਂ ਦੇ ਵੇਰਵੇ ਸਾਂਝੇ ਕੀਤੇ ਜਾਣਗੇ | ਨਵੀਂ ਦਿੱਲੀ ਨੂੰ ਉਮੀਦ ਹੈ ਕਿ ਉਹ ਪਰਸਪਰ ਟੈਰਿਫ ਤੋਂ ਬਚਣ ਲਈ ਅਮਰੀਕਾ ਨਾਲ ਇਕ ਸੌਦਾ ਕਰਨ ਦੇ ਯੋਗ ਹੋਵੇਗਾ | ਇਸ ਦੇ ਨਾਲ ਹੀ ਭਾਰਤ ਨੇ ਸੰਕੇਤ ਦਿੱਤਾ ਹੈ ਕਿ ਉਹ ਜਲਦਬਾਜ਼ੀ 'ਚ ਵਪਾਰ ਸੌਦੇ 'ਚ ਸ਼ਾਮਿਲ ਨਹੀਂ ਹੋਵੇਗਾ | ਵਣਜ ਮੰਤਰੀ ਪਿਊਸ਼ ਗੋਇਲ ਨੇ ਇਸ ਮਹੀਨੇ ਦੇ ਸ਼ੁਰੂ 'ਚ ਕਿਹਾ ਸੀ ਕਿ ਭਾਰਤ ਸਮਾਂ ਹੱਦ ਦੇ ਅਧਾਰ 'ਤੇ ਕੋਈ ਵੀ ਵਪਾਰ ਸਮਝੌਤਾ ਨਹੀਂ ਕਰਦਾ ਹੈ ਅਤੇ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸੌਦੇ ਨੂੰ ਸਿਰਫ਼ ਉਦੋਂ ਹੀ ਸਵੀਕਾਰ ਕਰੇਗਾ, ਜਦੋਂ ਇਹ ਰਾਸ਼ਟਰੀ ਹਿੱਤ 'ਚ ਹੋਵੇਗਾ |