08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਹਾਲ-ਏ-ਹਕੂਮਤ : ਇਕ ਰਾਤ ਦੇ ਡਿਪਟੀ! ਪੁਲਿਸ ਬਣੀ ਸਿਆਸਤਦਾਨਾਂ ਤੇ ਤਕੜੀਆਂ ਧਿਰਾਂ ਦਾ ਹੱਥ ਠੋਕਾ

ਅਜੀਤ ਡੈਸਕ 14-09-2019
ਜ਼ੀਰਕਪੁਰ, 13 ਸਤੰਬਰ (ਹਰਦੀਪ ਸਿੰਘ ਹੈਪੀ ਪੰਡਵਾਲਾ)-ਹਰੇਕ ਵਿਭਾਗ 'ਚ ਅਫ਼ਸਰਾਂ ਦੀਆਂ ਬਦਲੀਆਂ ਹੋਣੀਆਂ ਰੁਟੀਨ ਤੇ ਸੁਭਾਵਿਕ ਪ੍ਰਕਿਰਿਆ ਹੈ, ਪਰ ਪੰਜਾਬ ਦੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਸਬ-ਡਵੀਜ਼ਨ ਪੱਧਰ ਦੇ ਡਿਪਟੀ ਨੂੰ ਇਕ ਦਿਨ ਦੀ ਡਿਊਟੀ ਲਈ ਲਾਉਣਾ ਪੂਰੇ ਹਲਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਕਾਬਲੇਗੌਰ ਹੈ ਕੇ ਲੰਘੀਆਂ ਲੋਕ ਸਭਾ ਚੋਣਾਂ 'ਚ ਇਹ ਗੱਲ ਚਰਚਿਤ ਰਹੀ ਕਿ ਮੁੱਖ ਮੰਤਰੀ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਜਿੱਤ ਵਾਸਤੇ ਸੁਖਾਵਾਂ ਮਾਹੌਲ ਬਣਾਉਣ ਲਈ ਮਾਨਸਾ ਤੋਂ ਡੀ.ਐੱਸ.ਪੀ. ਸਿਮਰਨਜੀਤ ਸਿੰਘ ਲੰਗ 'ਤੇ ਭਰੋਸਾ ਜਤਾਉਂਦਿਆਂ ਡੇਰਾਬੱਸੀ ਹਲਕੇ 'ਚ ਤਾਇਨਾਤ ਕੀਤਾ ਸੀ | 19 ਫਰਵਰੀ ਨੂੰ ਸ੍ਰੀ ਲੰਗ ਦੀ ਤਾਇਨਾਤੀ ਹੋਈ ਸੀ ਤੇ ਉਹ ਕਰੀਬ 3 ਮਹੀਨੇ ਇੱਥੇ ਬਤੌਰ ਡੀ.ਐੱਸ.ਪੀ. ਰਹੇ ਅਤੇ ਉਨ੍ਹਾਂ ਤੋਂ ਬਾਅਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੀਬੀ ਰਿਸ਼ਤੇਦਾਰ ਗੁਰਬਖਸ਼ੀਸ਼ ਸਿੰਘ ਨੇ ਬਤੌਰ ਡੀ.ਐਸ.ਪੀ. ਚਾਰਜ ਲਿਆ | ਗੁਰਪ੍ਰੀਤ ਸਿੰਘ ਕਾਂਗੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ 'ਚ ਗਿਣੇ ਜਾਂਦੇ ਹਨ | ਹੁਣ ਲੰਘੀ 9 ਸਤੰਬਰ ਨੂੰ ਡਾਇਰੈਕਟਰ ਪੁਲਿਸ ਆਫ਼ ਜਨਰਲ ਵਲੋਂ ਡੀ.ਐੱਸ.ਪੀ, ਏ.ਐੱਸ.ਪੀ, ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ, ਜਿਸ ਅਨੁਸਾਰ ਸਿਮਰਨਜੀਤ ਸਿੰਘ ਲੰਗ ਦੀ ਮੁੱਲਾਂਪੁਰ ਤੋਂ ਡੇਰਾਬੱਸੀ ਅਤੇ ਗੁਰਬਖਸੀਸ਼ ਸਿੰਘ ਦੀ ਡੇਰਾਬੱਸੀ ਤੋਂ ਮੁੱਲਾਂਪੁਰ ਬਦਲੀ ਕੀਤੀ ਗਈ, ਪਰ ਇਤਫ਼ਾਕਣ ਲੰਗ ਨੇ 9 ਸਤੰਬਰ ਨੂੰ ਚਾਰਜ ਸਾਂਭਿਆ ਅਤੇ 10 ਤਰੀਕ ਨੂੰ ਉਨ੍ਹਾਂ ਦੀ ਦੁਬਾਰਾ ਮੁੱਲਾਂਪੁਰ ਬਦਲੀ ਕਰ ਦਿੱਤੀ ਗਈ |
ਲੋਕ ਸੱਥਾਂ 'ਚ ਇਹ ਚਰਚਾ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੀ ਸਿਫਾਰਿਸ਼ 'ਤੇ ਹੀ ਦੁਬਾਰਾ ਸਿਮਰਨਜੀਤ ਸਿੰਘ ਲੰਗ ਦੀ ਇੱਥੇ ਤਾਇਨਾਤੀ ਦੇ ਆਰਡਰ ਹੋਏ ਸਨ, ਪਰ ਦੂਜੇ ਬੰਨੇ ਮੁੱਖ ਮੰਤਰੀ ਦੇ ਨਜ਼ਦੀਕੀ ਦੱਸੇ ਜਾਂਦੇ ਮੰਤਰੀ ਕਾਂਗੜ ਦੇ ਪਰਿਵਾਰਕ ਮੈਂਬਰ ਗੁਰਬਖਸ਼ੀਸ਼ ਸਿੰਘ ਦੀ ਅਗਲੇ ਹੀ ਦਿਨ ਮੁੱਲਾਂਪੁਰ ਤੋਂ ਡੇਰਾਬੱਸੀ ਬਦਲੀ ਕਰ ਦਿੱਤੀ | ਹਲਕੇ 'ਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਕਿ ਡੇਰਾਬੱਸੀ ਹਲਕਾ ਲੋਕ ਸਭਾ ਪਟਿਆਲਾ ਦੇ ਅਧੀਨ ਆਉਂਦਾ ਹੈ, ਜਿੱਥੋਂ ਕਿ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਹਨ, ਪਰ ਮਹਾਰਾਣੀ ਦੀ ਸਿਫਾਰਿਸ਼ ਨੂੰ ਦਰਕਿਨਾਰ ਕਰਨਾ ਆਪਣੇ ਆਪ 'ਚ ਵੱਡਾ ਸਵਾਲ ਹੈ | ਲੋਕਾਂ 'ਚ ਚੁੰਝ ਚਰਚਾ ਵੱਡੀ ਪੱਧਰ 'ਤੇ ਹੈ ਕਿ ਡੇਰਾਬੱਸੀ 'ਚ ਅਜਿਹੀ ਕਿਹੜੀ ਗਿੱਦੜਸਿੰਙੀ ਹੈ, ਜਿਸ ਕਰਕੇ ਅਫ਼ਸਰ ਇਕ ਰਾਤ ਲਈ ਵੀ ਲਾਂਭੇ ਨਹੀਂ ਹੋਣਾ ਚਾਹੁੰਦੇ ਅਤੇ ਹੋਰਨਾਂ ਖੇਤਰਾਂ ਤੋਂ ਇੱਥੇ ਬਦਲੀਆਂ ਕਰਵਾਉਣ ਵਾਲੇ ਪੂਰੇ ਤਰਲੋਮੱਛੀ ਹੋਏ ਪਏ ਹਨ | ਰਾਜੇ-ਰਾਣੀ ਦੀ ਖੇਡ 'ਚ 'ਬਾਬੂ' ਪਿਆਦੇ ਬਣ ਗਏ ਹਨ | ਲੋਕਾਂ ਨੇ ਦੋਸ਼ ਲਾਇਆ ਕਿ ਆਵਾਮ ਦੀ ਹਿਫਾਜ਼ਤ ਕਰਨ ਵਾਲੀ ਪੁਲਿਸ ਸਿਆਸਤਦਾਨਾਂ ਤੇ ਤਕੜੀਆਂ ਧਿਰਾਂ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ, ਜਿਸ ਕਾਰਨ ਆਮ ਲੋਕਾਂ 'ਚ ਪੁਲਿਸ ਦੀ ਛਵੀ ਪ੍ਰਤੀ ਬੇਭਰੋਸਗੀ ਦਾ ਆਲਮ ਹੈ |
ਪਿਛਲੀ ਖ਼ਬਰ 'ਆਪ' ਆਗੂਆਂ ਨੇ ਪਾਕਿਸਤਾਨ ਵਲੋਂ ਦਰਸ਼ਨਾਂ ਲਈ ਲਗਾਈ ਫ਼ੀਸ ਦਾ ਕੀਤਾ ਵਿਰੋਧ ਅਗਲੀ ਖ਼ਬਰ ਵਿਧਾਇਕ ਸ਼ਰਮਾ ਨੇ ਡੀ. ਸੀ. ਨੂੰ ਮਿਲ ਕੇ ਛੱਤ ਸਹਿਕਾਰੀ ਸਭਾ ਦੀ ਚੋਣ ਮੁੜ ਕਰਵਾਉਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।