ਕਪੂਰਥਲਾ, 21 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਸਕੂਲ ਦੇ ਕੇ.ਜੀ. ਵਿੰਗ ਦੇ ਬੱਚਿਆਂ ਲਈ ਸ਼ੇਪ ਲਰਨਿੰਗ ਐਕਟੀਵਿਟੀ ਕਰਵਾਈ ਗਈ | ਜਿਸ ’ਚ ਬੱਚਿਆਂ ਨੇ ਰੰਗਾਂ ਤੇ ਵੱਖ-ਵੱਖ ਅਕਾਰਾਂ ਦੀ ਸਹਾਇਤਾ ਨਾਲ ਇਸ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ | ਜਿਸ ਨਾਲ ਬੱਚਿਆਂ ਦੀ ਪਹਿਚਾਣ ਕਰਨ ਦੀ ਸਮਰੱਥਾ, ਸੋਚਣ ਦੀ ਸ਼ਕਤੀ ਤੇ ਸਿੱਖਣ ਦੀ ਰੁਚੀ ਨੂੰ ਬੜਾਵਾ ਮਿਲਿਆ | ਸਕੂਲ ਦੀ ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਅਕਾਰਾਂ, ਜਿਵੇਂ ਕਿ ਗੋਲ, ਵਰਗ, ਤਿਕੋਣ ਅਤੇ ਆਇਤ ਦੀ ਪਹਿਚਾਣ ਕਰਵਾਉਣਾ ਸੀ | ਇਸੇ ਦੌਰਾਨ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ, ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਤੇ ਖੇਡ ਖੇਡ ਵਿਚ ਬੱਚਿਆਂ ਦੀ ਸਿੱਖਿਆ ਹੋਰ ਵੀ ਦਿਲਚਸਪ ਹੁੰਦੀ ਹੈ |