ਮੋਟਰਾਂ ਦੀ ਬਿਜਲੀ ਘੱਟ ਮਿਲਣ ’ਤੇ ਕਿਸਾਨਾਂ ਵਿਚ ਰੋਸ
ਭੁਲੱਥ, 12 ਸਤੰਬਰ (ਮਨਜੀਤ ਸਿੰਘ ਰਤਨ)-ਝੋਨੇ ਦੀ ਫ਼ਸਲ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿਚ ਰੋਸ ਵਧਦਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਅਤੇ ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਮੋਟਰਾਂ ਲਈ ਟੁੱਟਵੀਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜੋ ਕਈ ਵਾਰ ਸਿਰਫ਼ ਦੋ ਘੰਟਿਆਂ ਤੱਕ ਹੀ ਸੀਮਤ ਰਹਿ ਜਾਂਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਵੱਡੀ ਲੋੜ ਹੈ, ਪਰ ਬਿਜਲੀ ਦੀ ਨਾਕਸ ਸਪਲਾਈ ਕਾਰਨ ਖੇਤਾਂ ਵਿਚ ਫ਼ਸਲ ਸੁੱਕਣ ਦੇ ਕਿਨਾਰੇ ਪਹੁੰਚ ਰਹੀ ਹੈ | ਜੇਕਰ ਸਮੇਂ ਸਿਰ ਸਿੰਚਾਈ ਨਾ ਹੋਈ ਤਾਂ ਝੋਨੇ ਦੇ ਝਾੜ ਵਿਚ ਕਮੀ ਆਉਣ ਦਾ ਖ਼ਦਸ਼ਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਆਰਥਿਕ ਮਾਰ ਝੱਲਣੀ ਪੈ ਸਕਦੀ ਹੈ | ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਮੋਟਰਾਂ ਲਈ ਨਿਰਵਿਘਨ ਅਤੇ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕੱਲ 14 ਸਤੰਬਰ ਦਿਨ ਸੋਮਵਾਰ ਨੂੰ ਧਰਨਾ ਦਿੱਤਾ ਜਾਵੇਗਾ ਅਤੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਕਰਤਾਰਪੁਰ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਝੋਨੇ ਦੀ ਫ਼ਸਲ ਲਈ ਲੋੜ ਅਨੁਸਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ | ਕਿਸਾਨ ਆਗੂਆਂ ਨੇ ਇਲਾਕੇ ਦੀ ਸਮੂਹ ਸੰਗਤ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਸਵੇਰੇ 10 ਵਜੇ ਗੁਰਦੁਆਰਾ ਗੰਗ ਸਾਹਿਬ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ | ਉਥੋਂ ਸਾਰੇ ਇਕੱਠੇ ਹੋ ਕੇ ਪਾਵਰਕਾਮ ਐਕਸੀਅਨ ਦਫ਼ਤਰ ਕਰਤਾਰਪੁਰ ਵੱਲ ਰਵਾਨਾ ਹੋਣਗੇ ਅਤੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨਗੇ |