ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਦੁਸ਼ਵਾਰੀਆਂ ’ਚੋਂ ਗੁਜ਼ਰ ਰਹੇ ਵਾਰਡ 19 ਦੇ ਵੱਖ-ਵੱਖ ਮੁਹੱਲਿਆਂ ਦੇ ਲੋਕ
ਮਾਮਲਾ ਡੀ. ਸੀ.
ਅਜੀਤ ਡੈਸਕ
13-09-2026
ਕਪੂਰਥਲਾ, 12 ਸਤੰਬਰ (ਅਮਰਜੀਤ ਕੋਮਲ)-ਨਗਰ ਨਿਗਮ ਦੇ ਵਾਰਡ ਨੰਬਰ 19 ਔਜਲਾ ਫਾਟਕ, ਫ਼ੈਕਟਰੀ ਏਰੀਆ, ਮੰਗੀ ਮੁਹੱਲਾ, ਠਾਕੁਰ ਨਗਰ ਦੇ ਵਾਸੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਦੁਸ਼ਵਾਰੀਆਂ ਵਿਚੋਂ ਗੁਜ਼ਰ ਰਹੇ ਹਨ ਕਿਉਂਕਿ ਇਸ ਵਾਰਡ ’ਚ ਨਿਗਮ ਵਲੋਂ ਲਾਏ ਗਏ ਵਾਟਰ ਪੰਪ ਨਾਲ ਮੁਹੱਲੇ ਦੇ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਨਹੀਂ ਹੁੰਦੀ | ਮੁਹੱਲਾ ਵਾਸੀ ਦੀਪਕ ਔਜਲਾ, ਤਲਵਿੰਦਰ ਸਿੰਘ, ਪੂਜਾ ਰਾਣੀ, ਪ੍ਰਦੀਪ ਕੁਮਾਰ, ਪ੍ਰੇਮ ਪ੍ਰਸ਼ਾਦ, ਰਾਧਾ ਰਾਣੀ, ਵਿਸ਼ਨੂੰ ਪ੍ਰਸ਼ਾਦ, ਅਸ਼ੋਕ ਕੁਮਾਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਮੁਹੱਲਿਆਂ ਵਿਚ ਲੋਕਾਂ ਵਲੋਂ ਪਾਦੀ ਸਪਲਾਈ ਲਈ ਟੁੱਲੂ ਪੰਪ ਲਾਏ ਗਏ ਸਨ ਹੁਣ ਟੁੱਲੂ ਪੰਪਾਂ ਰਾਹੀਂ ਪਾਣੀ ਆਉਣਾ ਲਗਭਗ ਬੰਦ ਹੋ ਗਿਆ ਹੈ | ਉਨ੍ਹਾਂ ਕਿਹਾ ਵਾਟਰ ਪੰਪ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਪਾਣੀ ਦੀ ਸਿੱਧੀ ਸਪਲਾਈ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਲੋਕਾਂ ਨੂੰ ਆਂਢ ਗੁਆਂਢ ਤੋਂ ਪਾਣੀ ਲੈ ਕੇ ਆਪਣਾ ਕੰਮ ਚਲਾਉਣਾ ਪੈ ਰਿਹਾ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਵਿਚ ਉਨ੍ਹਾਂ ਵਾਰਡ ਦੇ ਕੌਂਸਲਰ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਸੀ ਜਿਸ ਵਿਚ ਮੰਗ ਕੀਤੀ ਸੀ ਕਿ ਮੁਹੱਲੇ ਦੇ ਲੋਕਾਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ | ਜਿਸਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ | ਇਸ ਮਹੀਨੇ ਵੀ ਉਨ੍ਹਾਂ ਦੂਜੀ ਵਾਰ ਨਗਰ ਨਿਗਮ ਦੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਉਨ੍ਹਾਂ ਇਹ ਮੰਗ ਪੱਤਰ ਲੋੜੀਂਦੀ ਕਾਰਵਾਈ ਲਈ ਸੰਬੰਧਿਤ ਅਧਿਕਾਰੀ ਨੂੰ ਮਾਰਕ ਕੀਤਾ ਤੇ ਉਸ ਅਧਿਕਾਰੀ ਨੇ ਵੀ ਅੱਗੋਂ ਨਿਗਮ ਦੇ ਜੇ.ਈ. ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ | ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਨੇ ਮੌਕਾ ਦੇਖਿਆ ਪਰ ਵਾਟਰ ਪੰਪ ਦਾ ਪ੍ਰੈਸ਼ਰ ਚੈੱਕ ਕਰਨ ਤੋਂ ਬਾਅਦ ਵੀ ਉਨ੍ਹਾਂ ਲੋਕਾਂ ਦੇ ਸਮੱਸਿਆ ਦੇ ਨਿਪਟਾਰੇ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਤੇ ਬਾਅਦ ਵਿਚ ਵਾਟਰ ਪੰਪ ਦੀ ਬਿਜਲੀ ਦੀ ਤਾਰ ਬਦਲਣ ਦਾ ਕਹਿ ਕੇ ਸਾਰੀ ਜ਼ਿੰਮੇਵਾਰੀ ਪਾਵਰਕਾਮ ‘ਤੇ ਸੁੱਟ ਦਿੱਤੀ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਪਾਵਰਕਾਮ ਦੇ ਜੇ.ਈ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਨਗਰ ਨਿਗਮ ਵੱਲ ਬਿਜਲੀ ਦਾ ਬਿੱਲ ਬਕਾਇਆ ਹੈ ਜਿਸ ਕਾਰਨ ਅਸੀਂ ਤਾਰ ਨਹੀਂ ਬਦਲ ਸਕਦੇ | ਲੋਕਾਂ ਨੇ ਇਹ ਵੀ ਦੱਸਿਆ ਕਿ ਮਾਮਲਾ ਪਾਵਰਕਾਮ ਦੇ ਐਸ.ਡੀ.ਓ. ਦੇ ਧਿਆਨ ਵਿਚ ਲਿਆਉਣ ‘ਤੇ ਉਨ੍ਹਾਂ ਵਾਟਰ ਪੰਪ ਨੂੰ ਜਾਂਦੀ ਬਿਜਲੀ ਸਪਲਾਈ ਵਾਲੀ ਤਾਰ ਵੀ ਬਦਲਾਅ ਦਿੱਤੀ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ | ਮੁਹੱਲੇ ਦੇ ਲੋਕ ਅੱਜ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ | ਦੀਪੂ ਔਜਲਾ ਨੇ ਦੱਸਿਆ ਕਿ ਲੋਕਾਂ ਵਲੋਂ ਪਾਣੀ ਦੀ ਸਪਲਾਈ ਦੇ ਮਾਮਲੇ ਨੂੰ ਲੈ ਕੇ ਮੁਹੱਲੇ ਵਿਚ ਰੋਸ ਪ੍ਰਗਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਨਿਗਮ ਦੇ ਕੁੱਝ ਮੁਲਾਜ਼ਮ ਮੌਕੇ ‘ਤੇ ਪੁੱਜੇ ਉਨ੍ਹਾਂ ਫ਼ੈਕਟਰੀ ਏਰੀਆ ਨੇੜੇ ਮੁੰਨਾ ਆਟਾ ਚੱਕੀ ਨੇੜਲੀ ਇਕ ਗਲੀ ਵਿਚ ਪਾਣੀ ਦੀ ਲੀਕੇਜ ਦੀ ਜਾਂਚ ਲਈ ਟੋਇਆ ਪੁੱਟਿਆ ਤੇ ਕੁੱਝ ਸਮੇਂ ਬਾਅਦ ਕੰਮ ਬੰਦ ਕਰਕੇ ਰੋਟੀ ਖਾਣ ਚਲੇ ਗਏ | ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਬਾਅਦ ਆਏ ਤੇ ਸ਼ਾਮ ਨੂੰ ਟੋਇਆ ਬੰਦ ਕਰਕੇ ਇਹ ਕਹਿ ਕੇ ਚਲੇ ਗਏ ਕਿ ਹੁਣ ਸੋਮਵਾਰ ਨੂੰ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ |