ਕਾਰ ਵਲੋਂ ਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਕਾਰਨ 1 ਮੌਤ, 22 ਜ਼ਖਮੀ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ ਵਿਚ ਇਕ ਕਾਰ ਵਲੋਂ ਸਾਈਕਲਾਂ ਸਵਾਰਾਂ ਨੂੰ ਟੱਕਰ ਮਾਰਨ ਕਾਰਨ ਇਕ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ| ਅਧਿਕਾਰੀਆਂ ਅਨੁਸਾਰ ਸਾਈਕਲ ਸਵਾਰਾਂ ਦਾ ਇਕ ਸਮੂਹ ਰੈਲੇ ਦੇ ਬਾਹਰ ਇਕ ਜੰਗਲੀ ਦੋ-ਮਾਰਗੀ ਸੜਕ ਤੋਂ ਲੰਘ ਰਿਹਾ ਸੀ ਜਦੋਂ ਇਕ ਕਾਰ ਸੈਂਟਰ ਲਾਈਨ ਪਾਰ ਕਰ ਗਈ ਤੇ ਉਨਾਂ ਵਿਚ ਆ ਵੱਜੀ| ਹਾਈਵੇਅ ਪੈਟਰੋਲ ਅਨੁਸਾਰ ਮ੍ਰਿਤਕ ਦੀ ਪਛਾਣ ਉੱਤਰੀ ਕੈਰੋਲੀਨਾ ਦੇ ਕੈਰੀ ਤੋਂ 63 ਸਾਲਾ ਸਾਈਕਲ ਸਵਾਰ ਪੈਟ੍ਰਿਕ ਐਲਨ ਟਰਨਰ ਵਜੋਂ ਹੋਈ ਹੈ| ਡਰਾਈਵਰ ਦੀ ਪਛਾਣ 76 ਸਾਲਾ ਡੋਨਾਲਡ ਰੌਬਰਟ ਮੌਰਿਸ-ਜੋਨਸ ਵਜੋਂ ਹੋਈ ਹੈ| ਟੱਕਰ ਮਾਰਨ ਉਪਰੰਤ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਕ ਅਧਿਕਾਰੀ ਨੇ ਦੱਸਿਆ ਕਿ 7 ਗੰਭੀਰ ਵਿਅਕਤੀਆਂ ਨੂੰ ਖੇਤਰੀ ਟਰਾਮਾ ਸੈਂਟਰਾਂ ਵਿਚ ਲਿਜਾਇਆ ਗਿਆ ਹੈ ਜਦਕਿ 15 ਹੋਰਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ|