ਕੈਲੀਫੋਰਨੀਆ ’ਚ ਪੈਰਾਸ਼ੂਟ ਆਪਸ ’ਚ ਟਕਰਾਉਣ ਕਾਰਨ 2 ਸਕਾਈਡਾਈਵਰਾਂ ਦੀ ਮੌਤ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ’ਚ ਇਕ ਸਕਾਈਡਾਈਵਿੰਗ ਸ਼ੋਅ ਦੌਰਾਨ 2 ਤਜਰਬੇਕਾਰ ਸਕਾਈਡਾਈਵਰ ਤਕਰੀਬਨ 150 ਫੁੱਟ ਉਪਰ ਹਵਾ ’ਚ ਆਪਸ ’ਚ ਟਕਰਾ ਗਏ ਤੇ ਜ਼ਮੀਨ ’ਤੇ ਡਿੱਗਣ ਕਾਰਨ ਉਨਾਂ ਦੀ ਮੌਤ ਹੋ ਗਈ| ਰਿਵਰਸਾਈਡ ਕਾਉਂਟੀ ਸ਼ੈਰਿਫ ਦਫ਼ਤਰ ਨੇ ਮ੍ਰਿਤਕਾਂ ਦੀ ਪਛਾਣ ਬਾਕਸ ਐਲਡਰ, ਸਾਊਥ ਡਕੋਟਾ ਦੀ 56 ਸਾਲਾ ਜਾਰਜੀਆ ਜੀਨ ਅਤੇ ਅਰੋਰਾ, ਇਲੀਨੋਇਸ ਦੇ 29 ਸਾਲਾ ਲੇਵੀ ਪਿਮੇਂਟੇਲ ਵਜੋਂ ਕੀਤੀ ਹੈ| ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਹਾਦਸਾ ‘ਸਕਾਈਡਾਈਵ ਐਲਸੀਨੋਰ’ ਵਿਖੇ ਵਾਪਰਿਆ| ਦੋਵੇਂ ਮ੍ਰਿਤਕ ਲਾਇਸੰਸਸ਼ੁਦਾ ਸਕਾਈਡਾਈਵਰ ਸਨ| ਰਿਵਰਸਾਈਡ ਕਾਉਂਟੀ ਫਾਇਰ ਵਿਭਾਗ ਨੇ ਦੱਸਿਆ ਕਿ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨਾਂ ਨੂੰ ਨਾਜ਼ੁਕ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਉਹ ਦਮ ਤੋੜ ਗਏ|
ਅਜੀਤ ਡੈਸਕ
10-11-2026