09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਾਕਿਸਤਾਨ ਦੀਆਂ ਮੁਸ਼ਕਿਲਾਂ ਵਿਚ ਵਾਧਾ

ਪਾਕਿਸਤਾਨ ਦੀਆਂ ਮੁਸ਼ਕਿਲਾਂ ਵਿਚ ਵਾਧਾ

ਅਜੀਤ ਡੈਸਕ 09-10-2026

ਛਲੇ ਲੰਮੇ ਸਮੇਂ ਤੋਂ ਗੁਆਂਢੀ ਦੇਸ਼ ਪਾਕਿਸਤਾਨ ਅਨੇਕਾਂ-ਅਨੇਕ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ | ਇਸ ਦੀ ਆਰਥਿਕਤਾ ਪੂਰੀ ਤਰ੍ਹਾਂ ਡੋਲਦੀ ਦਿਖਾਈ ਦੇ ਰਹੀ ਹੈ | ਇਸੇ ਲਈ ਕੌਮਾਂਤਰੀ ਵਿੱਤੀ ਏਜੰਸੀਆਂ ਨੇ ਵੀ ਇਸ ਨੂੰ   ਵਿਆਜ 'ਤੇ ਹੋਰ ਕਰਜ਼ਾ ਦੇਣ ਤੋਂ ਆਨਾ-ਕਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸ ਦੇ ਕੁਝ ਮੁਸਲਿਮ ਮਿੱਤਰ ਦੇਸ਼ ਜੋ ਵਿੱਤੀ ਪੱਖੋਂ ਬੜੇ ਸਮਰੱਥ ਦਿਖਾਈ ਦਿੰਦੇ ਹਨ, ਨੇ ਵੀ ਇਸ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ | ਖਾੜੀ ਦੇ ਦੇਸ਼, ਅਮਰੀਕਾ ਅਤੇ ਈਰਾਨ ਵਿਚਾਲੇ ਛਿੜੀ ਲੜਾਈ ਕਾਰਨ ਬੇਹੱਦ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੇ ਹਨ | ਅਜਿਹੇ ਸਮੇਂ ਵਿਚ ਲੜਖੜਾਉਂਦੇ ਦੇਸ਼ ਨੂੰ  ਪਾਕਿਸਤਾਨੀ ਹਕੂਮਤ ਦੇ ਮੁਖੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫ਼ੌਜ ਮੁਖੀ ਆਸਿਮ ਮੁਨੀਰ ਸੰਭਾਲ ਸਕਣ ਤੋਂ ਅਸਮਰੱਥ ਦਿਖਾਈ ਦੇ ਰਹੇ ਹਨ | ਬਲੋਚਿਸਤਾਨ ਨੇ ਇਸ ਦੇਸ਼ ਦੇ ਜਨਮ ਤੋਂ ਹੀ ਇਸ ਦੇ ਨੱਕ ਵਿਚ ਦਮ ਕਰੀ ਰੱਖਿਆ ਹੈ | ਬਲੋਚਾਂ ਕੋਲ ਇਸ ਦੇਸ਼ ਦੀ ਧਰਤੀ ਦਾ ਵਧੇਰੇ ਹਿੱਸਾ ਹੈ | ਖਣਿਜਾਂ ਨਾਲ ਭਰਪੂਰ ਇਸ ਹਿੱਸੇ ਦੇ ਮੂਲ ਲੋਕਾਂ ਨੂੰ  ਇਹ ਗਿਲਾ ਰਿਹਾ ਹੈ ਕਿ ਪਾਕਿਸਤਾਨ ਉਥੋਂ ਦੇ ਹਿਤਾਂ ਦੀ ਅਣਦੇਖੀ ਕਰਕੇ ਨਾ ਸਿਰਫ਼ ਇਸ ਦੇ ਕੁਦਰਤੀ ਖਜ਼ਾਨਿਆਂ ਨੂੰ  ਲੁੱਟ ਰਿਹਾ ਹੈ, ਸਗੋਂ ਚੀਨ ਵਰਗੇ ਦੇਸ਼ ਨੂੰ  ਬਲੋਚਿਸਤਾਨ 'ਚ ਵੱਡੇ ਪ੍ਰਾਜੈਕਟ ਲਾਉਣ ਦੀ ਇਜਾਜ਼ਤ ਦੇ ਕੇ ਅਤੇ ਸਿੱਧੀ ਸੜਕ ਰਾਹੀਂ ਜੋੜ ਕੇ ਬਲੋਚਾਂ ਦੇ ਹਿੱਤਾਂ ਨੂੰ  ਨੁਕਸਾਨ ਪਹੁੰਚਾ ਰਿਹਾ ਹੈ |
ਅਫ਼ਗਾਨਿਸਤਾਨ ਨਾਲ ਲਗਦਾ ਸੂਬਾ  ਖ਼ੈਬਰ ਪਖਤੂਨਖਵਾ ਵੀ ਅਫ਼ਗਾਨਿਸਤਾਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਅਤੇ ਉਥੇ ਪਾਕਿਸਤਾਨੀ ਤਾਲਿਬਾਨ ਦੀਆਂ ਵਧ ਰਹੀਆਂ ਕਾਰਵਾਈਆਂ ਕਾਰਨ ਪਾਕਿਸਤਾਨ ਲਈ ਬੇਹੱਦ ਖ਼ਤਰਾ ਬਣਿਆ ਰਿਹਾ ਹੈ | ਵੱਖਵਾਦੀ ਸੰਗਠਨਾਂ ਤੋਂ ਇਲਾਵਾ ਖ਼ੈਬਰ ਪਖਤੂਨਖਵਾ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਹਕੂਮਤ ਦਾ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਆਪਣੇ ਆਗੂ ਇਮਰਾਨ ਖ਼ਾਨ ਦੀ ਨਜ਼ਰਬੰਦੀ ਵਿਰੁੱਧ ਸੂਬੇ ਭਰ ਵਿਚ ਵੱਡੀ ਲਾਮਬੰਦੀ ਕਰ ਰਿਹਾ ਹੈ | ਇਮਰਾਨ ਖ਼ਾਨ ਅੱਜ ਵੀ ਪਾਕਿਸਤਾਨ ਦਾ ਵੱਡਾ ਆਗੂ ਹੈ | ਪਿਛਲੇ ਤਿੰਨ ਸਾਲ ਤੋਂ ਉਸ ਨੂੰ  ਕੇਂਦਰੀ ਹਕੂਮਤ, ਜਿਸ ਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਹੈ ਅਤੇ ਫ਼ੌਜੀ ਜਨਰਲ ਆਸਿਮ ਮੁਨੀਰ ਹੈ, ਨੇ ਜੇਲ੍ਹ ਵਿਚ ਡੱਕਿਆ ਹੋਇਆ ਹੈ | ਉਸ ਨੂੰ  ਅਗਸਤ 2023 ਵਿਚ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ | ਉਸ 'ਤੇ ਲਗਭਗ 100 ਤੋਂ ਵਧੇਰੇ ਮੁਕੱਦਮੇ ਦਾਇਰ ਹਨ | 3 ਮਾਮਲਿਆਂ ਵਿਚ ਉਸ ਨੂੰ  ਸਜ਼ਾ ਵੀ ਸੁਣਾਈ ਗਈ ਹੈ, ਜਿਸ ਵਿਚ ਅਲਕਾਦਿਰ ਟਰੱਸਟ ਕੇਸ 'ਚ 14 ਸਾਲ, ਦਸਤਾਵੇਜ਼ ਲੀਕ ਮਾਮਲੇ ਵਿਚ 10 ਸਾਲ ਅਤੇ ਤੋਸ਼ਾਖਾਨਾ ਕੇਸ ਵਿਚ 3 ਸਾਲ ਦੀ ਸਜ਼ਾ ਹੈ | ਉਸ ਦੀ ਪਤਨੀ ਬੁਸ਼ਰਾ ਬੀਬੀ ਵੀ ਜੇਲ੍ਹ 'ਚ ਹੈ | ਉਸ ਦੀਆਂ ਭੈਣਾਂ ਅਲੀਮਾ, ਉਜ਼ਮਾ ਤੇ ਨੂਰੀਨ ਵੀ ਨਜ਼ਰਬੰਦ ਹਨ | ਇਸ ਦੇ ਨਾਲ ਹੀ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਵਿਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਵਿਚ ਰੋਹ ਭੜਕਿਆ ਹੋਇਆ ਹੈ | ਬੇਰੁਜ਼ਗਾਰੀ, ਮਹਿੰਗਾਈ ਅਤੇ ਮਾੜੀ ਕਾਨੂੰਨ ਵਿਵਸਥਾ ਨੇ ਉਥੋਂ ਦੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਇਥੋਂ ਤੱਕ ਕਿ ਉਹ ਹੁਣ ਭਾਰਤ ਦੇ ਜੰਮੂ-ਕਸ਼ਮੀਰ ਨਾਲ ਰਲਣ ਦੇ ਹੱਕ ਵਿਚ ਨਾਅਰੇ ਬੁਲੰਦ ਕਰ ਰਹੇ ਹਨ | ਹੁਣ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' ਦੇ ਆਗੂਆਂ ਨੇ ਕੇਂਦਰੀ ਹੂਕਮਤ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕਰ ਲਿਆ ਹੈ |

ਖ਼ੈਬਰ ਪਖਤੂਨਖਵਾ ਤੋਂ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਦੀ ਅਗਵਾਈ ਵਿਚ  ਲੌਂਗ ਮਾਰਚ (ਲੰਬਾ ਮਾਰਚ) ਸ਼ੁਰੂ ਹੋ ਚੁੱਕਾ ਹੈ | ਅਫ਼ਰੀਦੀ ਨੇ ਕਿਹਾ ਹੈ ਕਿ 8 ਅਕਤੂਬਰ ਤੋਂ ਸ਼ੁਰੂ  ਇਹ ਮਾਰਚ ਰਾਜਧਾਨੀ ਇਸਲਾਮਾਬਾਦ ਪਹੁੰਚ ਕੇ ਸਰਕਾਰ ਤੇ ਫ਼ੌਜ ਦੀਆਂ ਜੜ੍ਹਾਂ ਹਿਲਾ ਦੇਵੇਗਾ | ਉਸ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਲੋਕਤੰਤਰੀ ਢੰਗ ਨਾਲ ਮੰਗਾਂ ਉਠਾ ਰਹੀ ਹੈ, ਪਰ ਜੇਕਰ ਹਾਲਾਤ ਹੱਦੋਂ ਪਾਰ ਹੋਣ ਲੱਗੇ ਤਾਂ ਲੋਕ ਰੋਹ ਨੂੰ  ਸੰਭਾਲ ਸਕਣਾ ਕਿਸੇ ਦੇ ਵੱਸ 'ਚ ਨਹੀਂ ਰਹੇਗਾ | ਸ਼ਾਹਬਾਜ਼ ਸ਼ਰੀਫ਼ ਦੀ ਗੱਠਜੋੜ ਵਾਲੀ ਸਰਕਾਰ ਨੇ ਹਾਲਾਤ ਨੂੰ  ਦੇਖਦਿਆਂ ਪਿਛਲੇ ਦਿਨੀਂ ਗੱਲਬਾਤ ਦਾ ਰਸਤਾ ਅਖ਼ਤਿਆਰ ਕੀਤਾ ਸੀ ਪਰ ਗੱਲਬਾਤ ਕਿਸੇ ਤਣ-ਪੱਤਣ ਨਹੀਂ ਪਹੁੰਚ ਸਕੀ | ਪਿਛਲੇ ਐਤਵਾਰ 4 ਅਕਤੂਬਰ ਨੂੰ  ਇਸ ਲੰਮੇ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸਲਾਮਾਬਾਦ ਉਥੋਂ ਲਗਭਗ 275 ਕਿਲੋਮੀਟਰ ਦੂਰੀ 'ਤੇ ਹੈ | ਟਰੱਕਾਂ, ਬੱਸਾਂ ਤੇ ਕਾਰਾਂ ਦੇ ਚਲਦੇ ਕਾਫ਼ਲੇ ਨੂੰ  ਥਾਂ-ਪੁਰ-ਥਾਂ ਬੇਹੱਦ ਹਮਾਇਤ ਮਿਲ ਰਹੀ ਹੈ | ਚਾਹੇ ਕੇਂਦਰੀ ਸਰਕਾਰ ਵਲੋਂ ਇਸ ਮਾਰਚ ਨੂੰ  ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਰੇਂਜਰ ਤਾਇਨਾਤ ਕਰ ਦਿੱਤੇ ਗਏ ਹਨ ਤੇ ਰਸਤਿਆਂ 'ਚ ਵੱਡੇ ਪੱਧਰ 'ਤੇ ਕੰਟੇਨਰ ਤੇ ਤਾਰਾਂ ਲਗਾ ਕੇ ਹਰ ਹੀਲੇ ਇਸ ਮਾਰਚ ਨੂੰ  ਰਾਜਧਾਨੀ ਵਿਚ ਨਾ ਵੜਨ ਦੇਣ ਦੇ ਇੰਤਜ਼ਾਮ ਕੀਤੇ ਗਏ ਹਨ, ਜਿਸ ਤੋਂ ਅਜਿਹਾ ਲਗਦਾ ਹੈ ਕਿ ਹਾਲ ਦੀ ਘੜੀ ਫ਼ੌਜ ਮੁਖੀ ਆਸਿਮ ਮੁਨੀਰ ਇਮਰਾਨ ਖ਼ਾਨ ਦੀ ਪਾਰਟੀ ਨਾਲ ਗੱਲਬਾਤ ਕਰ ਕੇ ਕਿਸੇ ਸਮਝੌਤੇ 'ਤੇ ਪੁੱਜਣ ਲਈ ਤਿਆਰ ਨਹੀਂ ਹਨ | 
ਜੇ ਪਾਕਿਸਤਾਨ ਵਿਚ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਪਹਿਲਾਂ ਹੀ ਡੋਲਦੇ ਇਸ ਦੇਸ਼ ਲਈ ਲੌਂਗ ਮਾਰਚ ਵੀ ਹੋਰ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਵੇਗਾ, ਜਿਸ ਦਾ ਮੁਕਾਬਲਾ ਕਰਨ ਲਈ ਉਸ ਨੂੰ  ਵੱਡਾ ਤਰੱਦਦ ਕਰਨਾ ਪਵੇਗਾ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁ... ਅਗਲੀ ਖ਼ਬਰ ਅਜੇ ਵੀ ਅਸਪੱਸ਼ਟ ਹੈ ਪੰਜਾਬ ਦੀ ਰਾਜਨੀਤਕ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।