28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਾਂਗਰਸ ਲਈ ਪ੍ਰੇਰਕ ਸਾਬਤ ਹੋਈ ਕਾਕਰੋਚ ਜਨਤਾ ਪਾਰਟੀ

ਕਾਂਗਰਸ ਲਈ ਪ੍ਰੇਰਕ ਸਾਬਤ ਹੋਈ ਕਾਕਰੋਚ ਜਨਤਾ ਪਾਰਟੀ

ਅਜੀਤ ਡੈਸਕ 27-10-2026

ਦੇਸ਼ ਦੀ ਰਾਜਨੀਤੀ ਇਕ ਨਿਰਣਾਇਕ ਪੜਾਅ 'ਤੇ ਪਹੁੰਚ ਗਈ ਹੈ, ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਵਧ ਰਿਹਾ ਹੈ | ਸਰਕਾਰ ਕਾਕਰੋਚ ਅੰਦੋਲਨ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਦੀ ਗਰਮੀ ਨੂੰ  ਮਹਿਸੂਸ ਕਰ ਰਹੀ ਹੈ | ਇਹ ਬੇਵਜ੍ਹਾ ਨਹੀਂ ਹੈ ਕਿ ਸੰਘ ਪਰਿਵਾਰ ਤੇ ਸੱਤਾ ਸੰਸਥਾ ਨਾਲ ਜੁੜੇ 3 ਸਭ ਤੋਂ ਸ਼ਕਤੀਸ਼ਾਲੀ ਨੇਤਾ- ਮੋਹਨ ਭਾਗਵਤ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਇਕੋ ਸਮੇਂ ਅੰਦੋਲਨ ਤੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕੀਤਾ ਹੈ | ਆਪਣੇ ਗੰਭੀਰ ਸੁਭਾਅ ਤੇ ਸੋਚ ਵਿਚਾਰ ਕੀਤੇ ਬਗੈਰ ਕੋਈ ਵੀ ਬਿਆਨ ਨਾ ਦੇਣ ਲਈ ਜਾਣੇ ਜਾਂਦੇ ਆਰ.ਐਸ.ਐਸ. ਮੁਖੀ ਨੇ ਵਿਜੇਦਸਮੀ (ਦੁਸਹਿਰੇ) ਮੌਕੇ ਆਪਣੇ ਸਾਲਾਨਾ ਭਾਸ਼ਨ ਵਿਚ ਇਸ ਅੰਦੋਲਨ ਨੂੰ  ਵਿਦੇਸ਼ੀ ਸਾਜਿਸ਼ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਿਆਂ ਬੰਗਲਾਦੇਸ਼ ਤੇ ਫਰਾਂਸ ਦਾ ਹਵਾਲਾ ਦੇ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ ਹੋਏ ਹਨ, ਉਹ ਦੇਸ਼ ਨੂੰ  ਹਿੰਸਾ ਦੀ ਅੱਗ 'ਚ ਸੁੱਟਣਾ ਚਾਹੁੰਦੇ ਹਨ | ਮੋਹਨ ਭਾਗਵਤ ਦਾ ਇਹ ਬਿਆਨ ਬਹੁਤ ਮਹੱਤਵਪੂਰਨ ਹੈ, ਜੋ ਦਰਸਾਉਂਦਾ ਹੈ ਕਿ ਸਿਰਫ਼ ਸਰਕਾਰ ਹੀ ਨਹੀਂ, ਸਗੋਂ ਪੂਰਾ ਸੰਘ ਪਰਿਵਾਰ ਅੰਦੋਲਨ ਨੂੰ  ਲੈ ਕੇ ਬਹੁਤ ਪ੍ਰੇਸ਼ਾਨ ਹੈ | ਉਹ ਚਿੰਤਤ ਹਨ ਕਿ ਹਾਲਾਤ ਕਿਤੇ 1977 ਵਰਗੇ ਨਾ ਬਣ ਜਾਣ, ਜਦੋਂ ਇੰਦਰਾ ਗਾਂਧੀ ਦੀ ਐਮਰਜੈਂਸੀ ਤੋਂ ਤੰਗ ਆ ਕੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਨੂੰ  ਸੱਤਾ ਤੋਂ ਬਾਹਰ ਕਰ ਦਿੱਤਾ ਸੀ ਅਤੇ ਇੰਦਰਾ ਗਾਂਧੀ ਨੂੰ  ਜੇਲ੍ਹ ਵੀ ਜਾਣਾ ਪਿਆ ਸੀ |

ਭਾਵੇਂ ਅੱਜ ਦੇਸ਼ ਵਿਚ ਕਿਤੇ ਵੀ ਸੰਵਿਧਾਨਕ  ਤੌਰ 'ਤੇ ਐਮਰਜੈਂਸੀ ਨਹੀਂ ਲੱਗੀ ਹੋਈ ਤੇ ਨਾ ਹੀ ਵਿਰੋਧੀ ਧਿਰ ਕੋਲ ਜੈਪ੍ਰਕਾਸ਼ ਨਾਰਾਇਣ (ਜੇ.ਪੀ.) ਵਰਗਾ ਕੋਈ ਨੇਤਾ ਹੈ, ਜਿਸ ਦੀ ਸ਼ਖਸੀਅਤ ਪ੍ਰਧਾਨ ਮੰਤਰੀ ਤੋਂ ਵੀ ਵੱਡੀ ਸੀ | ਜੇਕਰ ਜੇ.ਪੀ. ਐਮਰਜੈਂਸੀ ਵਿਰੁੱਧ ਅੰਦੋਲਨ ਦੀ ਅਗਵਾਈ ਨਾ ਵੀ ਕਰਦੇ ਤਾਂ ਵੀ ਇਤਿਹਾਸ ਨੇ ਉਨ੍ਹਾਂ ਨੂੰ  'ਭਾਰਤ ਛੱਡੋ ਅੰਦੋਲਨ' ਦੇ ਨਾਇਕ ਤੇ ਇਕ ਕੱਟੜ ਸਮਾਜਵਾਦੀ ਵਜੋਂ ਯਾਦ ਰੱਖਣਾ ਸੀ | ਜੇ.ਪੀ ਅਜਿਹੇ ਵਿਅਕਤੀ ਸਨ, ਜਿਸ ਨੂੰ  ਨਹਿਰੂ ਆਪਣਾ ਉੱਤਰਾਧਿਕਾਰੀ ਬਣਾਉਣਾ ਚਾਹੁੰਦੇ ਸਨ | ਜੇਕਰ ਜੇ.ਪੀ. ਨੇ ਨਹਿਰੂ ਦੀ ਗੱਲ ਮੰਨੀ ਹੁੰਦੀ ਤਾਂ ਉਹ ਨਹਿਰੂ ਤੋਂ ਬਾਅਦ ਦੇਸ਼ ਦੇ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਸਨ | ਪਰ ਜੇ.ਪੀ. ਦਿਲ ਤੇ ਸੁਭਾਅ ਤੋਂ ਇਕ ਸੰਤ ਸਨ, ਉਨ੍ਹਾਂ ਰਾਜਨੀਤੀ ਦੀ ਪਥਰੀਲੀ ਜ਼ਮੀਨ ਨੂੰ  ਛੱਡ ਕੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ | ਪਰ ਜਦੋਂ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਲੋਕਾਂ ਦਾ ਗੁੱਸਾ ਭੜਕ ਉੱਠਿਆ ਤਾਂ ਉਨ੍ਹਾਂ ਮੁੜ ਰਾਜਨੀਤੀ ਵਿਚ ਦਾਖ਼ਲ ਹੋ ਕੇ ਇੰਦਰਾ ਗਾਂਧੀ ਨੂੰ  ਹਰਾ ਦਿੱਤਾ ਸੀ | ਅੱਜ ਜੇ.ਪੀ. ਵਰਗਾ ਕੋਈ ਵੀ ਅਗਵਾਈ ਕਰਨ ਵਾਲਾ ਆਗੂ ਨਹੀਂ ਹੈ | ਨਾ ਭਾਜਪਾ ਕੋਲ ਤੇ ਨਾ ਸੰਘ ਪਰਿਵਾਰ ਕੋਲ ਅਤੇ ਨਾ ਹੀ ਕਾਂਗਰਸ ਕੋਲ ਹੈ | ਦਰਅਸਲ ਹਰ ਯੁੱਗ ਦੇ ਆਪਣੇ ਨਾਇਕ ਤੇ ਖਲਨਾਇਕ ਹੁੰਦੇ ਹਨ | ਉਹ ਇਤਿਹਾਸ ਦੇ ਪ੍ਰਵਾਹ ਅਨੁਸਾਰ ਬਣਦੇ ਹਨ ਤੇ ਆਪਣੇ ਤਰੀਕੇ ਨਾਲ ਇਤਿਹਾਸ ਦੇ ਰਾਹ ਨੂੰ  ਬਦਲਣ ਲਈ ਕੰਮ ਕਰਦੇ ਰਹਿੰਦੇ ਹਨ | 
ਮਈ 'ਚ ਕਿਸ ਨੇ ਸੋਚਿਆ ਹੋਵੇਗਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੂੰ  ਆਪਣੇ ਸਭ ਤੋਂ ਸ਼ਕਤੀਸ਼ਾਲੀ ਮੰਤਰੀਆਂ 'ਚੋਂ ਇਕ ਦਾ ਅਸਤੀਫ਼ਾ ਲੈਣਾ ਪਵੇਗਾ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ 20 ਦਿਨਾਂ ਤੱਕ ਸੰਸਦ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋਵੇਗੀ? ਇਹ ਸਭ ਕਿਸੇ ਮਹਾਨ ਵਿਅਕਤੀ ਦੀ ਬਜਾਏ ਅਭਿਜੀਤ ਦੀਪਕੇ ਇਕ 30 ਸਾਲਾ ਵਿਦਿਆਰਥੀ ਦੇ ਇੰਸਟਾਗ੍ਰਾਮ ਅਕਾਊਾਟ ਦੇ ਕਾਰਨ ਸੰਭਵ ਹੋਵੇਗਾ | ਦੀਪਕੇ  ਨੇ ਅਜਿਹਾ ਕੁਝ ਕਰ ਵਿਖਾਇਆ, ਜਿਸ ਦੀ ਸ਼ਾਇਦ ਉਸ ਨੇ ਖ਼ੁਦ ਵੀ ਕਦੇ ਕਲਪਨਾ ਨਾ ਕੀਤੀ ਹੋਵੇ | ਉਸ ਦੇ ਯਤਨਾਂ ਨਾਲ ਖੜ੍ਹੇ  ਹੋਏ ਅੰਦੋਲਨ ਨੇ ਮੋਦੀ ਸਰਕਾਰ ਦੀ ਸਾਖ ਨੂੰ  ਤਬਾਹ ਕਰਦਿਆਂ ਸੱਤਾਧਾਰੀਆਂ ਦੀਆਂ ਬਹੁਤ ਕੋਸ਼ਿਸ਼ਾਂ ਨਾਲ ਸਿਰਜੇ ਡਰ ਦੇ ਸਾਮਰਾਜ ਨੂੰ  ਖ਼ਤਮ ਕਰ ਦਿੱਤਾ | ਜੋ ਕੰਮ ਵਿਰੋਧੀ ਧਿਰ ਨਾ ਕਰ ਸਕੀ, ਉਹ ਨੌਜਵਾਨ ਬੱਚਿਆਂ ਨੇ ਕਰ ਵਿਖਾਇਆ | ਅੱਜ ਮੋਦੀ ਸਰਕਾਰ ਇਸ ਅੰਦੋਲਨ ਨੂੰ  ਕਮਜ਼ੋਰ ਕਰਨ ਲਈ ਕਾਨੂੰਨੀ ਚਾਲਾਂ ਦਾ ਜਾਲ ਬੁਣ ਰਹੀ ਹੈ, ਦਿੱਲੀ ਪੁਲਿਸ ਆਸ਼ੂਤੋਸ਼ ਰਾਂਕਾ, ਸÏਰਵ ਦਾਸ ਤੇ ਨੇਹਾ ਬੋਰਾ ਨੂੰ  ਆਪਣੇ ਤਰੀਕੇ ਨਾਲ ਉਲਝਾ ਕੇ ਉਨ੍ਹਾਂ ਦੇ ਮਨੋਬਲ ਨੂੰ  ਤੋੜਨ 'ਚ ਲੱਗੀ ਹੋਈ ਹੈ | ਭਾਵੇਂ ਉਹ ਲੜ ਰਹੇ ਹਨ, ਪਰ ਕਦੋਂ ਤੱਕ ਸਵਾਲ ਇਹੀ ਹੈ? ਮੈਂ ਪਹਿਲਾਂ ਵੀ ਕਿਹਾ ਸੀ ਕਿ ਕਾਕਰੋਚ ਅੰਦੋਲਨ ਨੇ ਆਪਣੀ ਇਤਿਹਾਸਕ ਭੂਮਿਕਾ ਨਿਭਾਅ ਦਿੱਤੀ ਹੈ | ਹੁਣ ਉਨ੍ਹਾਂ ਤੋਂ ਹੋਰ ਉਮੀਦ ਕਰਨਾ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ | ਬੱਚਿਆਂ ਨੇ ਸਰਕਾਰ ਦਾ ਮਨੋਬਲ ਤੋੜ ਕੇ ਮੋਦੀ ਸਰਕਾਰ ਦੀ ਨੀਂਹ ਹਿਲਾ ਦਿੱਤੀ ਹੈ ਅਤੇ ਅੱਗੇ ਦੀ ਲੜਾਈ ਹੁਣ ਰਾਜਨੀਤੀ ਨੂੰ  ਲੜਨੀ ਪਵੇਗੀ | 
ਹੁਣ ਤੱਕ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਤੇ ਵਿਰੋਧੀ ਧਿਰ ਉਕਤ ਅੰਦੋਲਨ ਦੇ ਪਿਛੋਕੜ ਵਿਚ  ਸਹਿ-ਨਾਇਕ ਦੀ ਭੂਮਿਕਾ ਨਿਭਾਅ ਰਹੇ ਸਨ | ਹੁਣ ਉਨ੍ਹਾਂ ਨੂੰ  ਇਸ ਅੰਦੋਲਨ ਦੀ ਖ਼ੁਦ ਅਗਵਾਈ ਕਰਦਿਆਂ  ਬੱਚਿਆਂ ਦੀ ਰੱਖਿਆ ਕਰਨੀ ਹੋਵੇੇਗੀ | ਉਨ੍ਹਾਂ ਨੂੰ  ਸਰਕਾਰ ਦੇ ਪੰਜੇ ਤੋਂ ਬਚਾਅ ਕੇ ਉਨ੍ਹਾਂ ਨੂੰ  ਆਪਣੇ ਨਾਲ ਲੈ ਕੇ ਚੱਲਣਾ ਹੋਵੇਗਾ | 1977 'ਚ ਅੰਦੋਲਨ ਨੂੰ  ਵੱਡੀ ਸਫਲਤਾ ਮਿਲੀ ਸੀ, ਪਰ ਉਸ ਤੋਂ ਬਾਅਦ ਦੀ ਰਾਜਨੀਤੀ ਨੇ ਆਪਣੇ ਆਪ ਨੂੰ  ਅਯੋਗ ਸਾਬਤ ਕਰ ਦਿੱਤਾ ਸੀ | ਭਾਰਤੀ ਰਾਜਨੀਤੀ 'ਚ ਜੋ ਪਰਿਪੱਕਤਾ ਆਉਣੀ ਚਾਹੀਦੀ ਸੀ ਉਹ ਨਹੀਂ ਆ ਸਕੀ, ਜੇਕਰ ਜਨਤਾ ਪਾਰਟੀ ਨੇ ਆਪਣੀ ਬਣਦੀ ਭੂਮਿਕਾ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਦੇਸ਼ 'ਚ ਦੋ ਧਰਮ ਨਿਰਪੱਖ ਪਾਰਟੀਆਂ ਵਿਚਕਾਰ ਮੁਕਾਬਲਾ ਹੋਇਆ ਕਰਨਾ ਸੀ ਤੇ ਫਿਰਕੂ ਪਾਰਟੀਆਂ ਨੂੰ  ਦੇਸ਼ 'ਚ ਜ਼ਹਿਰ ਫੈਲਾਉਣ ਦਾ ਮੌਕਾ ਨਹੀਂ ਮਿਲਣਾ ਸੀ | ਨਹਿਰੂ ਫਿਰਕੂ ਤਾਕਤਾਂ ਦੇ ਖ਼ਤਰਿਆਂ ਤੋਂ ਜਾਣੂ ਸਨ, ਉਨ੍ਹਾਂ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਕਦੇ ਵੀ ਜਨਸੰਘ ਤੇ ਹਿੰਦੂ ਮਹਾਂਸਭਾ ਨੂੰ  ਵਧਣ-ਫੁਲਣ ਦਾ ਮੌਕਾ ਨਹੀਂ ਦਿੱਤਾ | ਨਹਿਰੂ ਕਹਿੰਦੇ ਸਨ ਕਿ ਬਹੁਗਿਣਤੀ ਫਿਰਕਾਪ੍ਰਸਤੀ ਘੱਟ ਗਿਣਤੀ ਫਿਰਕਾਪ੍ਰਸਤੀ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੁੰਦੀ ਹੈ | ਨਹਿਰੂ ਤੋਂ ਬਾਅਦ ਵੀ ਜਨਸੰਘ ਤੇ ਹਿੰਦੂ ਮਹਾਂਸਭਾ ਲੰਬੇ ਸਮੇਂ ਤੱਕ ਰਾਜਨੀਤੀ ਦੇ ਹਾਸ਼ੀਏ 'ਤੇ ਰਹੇ, ਲਗਾਤਾਰ ਅਸਫਲਤਾਵਾਂ ਤੋਂ ਨਿਰਾਸ਼ ਹੋ ਕੇ ਜਨਸੰਘ ਆਪਣਾ ਵਜੂਦ ਖ਼ਤਮ ਕਰਕੇ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਿਆ | ਪਰ ਜਨਤਾ ਪਾਰਟੀ ਦਾ ਪ੍ਰਯੋਗ ਅਸਫਲ ਹੋਣ ਤੋਂ ਬਾਅਦ ਜਨਸੰਘ ਦਾ ਭਾਜਪਾ ਦੇ ਰੂਪ ਵਿਚ ਪੁਨਰ ਜਨਮ ਹੋਇਆ |
ਜਨਤਾ ਪਾਰਟੀ ਦੀ ਅਸਫਲਤਾ ਤੋਂ ਪੈਦਾ ਹੋਈ ਨਿਰਾਸ਼ਾ ਨੇ ਕਾਂਗਰਸ ਵਿਰੋਧੀ ਭਾਵਨਾ ਨੂੰ  ਫਿਰਕੂ ਰਾਜਨੀਤੀ ਵੱਲ ਧੱਕ ਦਿੱਤਾ | ਭਾਜਪਾ ਤੇ ਇਸ ਦੇ ਮੂਲ ਸੰਗਠਨ ਆਰ.ਐਸ.ਐਸ. ਨੇ ਇਸ ਖਲਾਅ ਨੂੰ  ਭਰਨ ਲਈ ਰਾਮ ਜਨਮ ਭੂਮੀ ਅੰਦੋਲਨ ਦੀ ਸਿਰਜਣਾ ਕਰਕੇ ਬੇਮਿਸਾਲ ਸਫਲਤਾ ਪ੍ਰਾਪਤ ਕੀਤੀ | ਸਮਾਜਵਾਦੀ ਅੰਦੋਲਨ ਖੜ੍ਹਾ ਕਰਨ ਵਾਲੇ ਸਮਾਜਵਾਦੀ ਨੇਤਾ ਆਪਸ ਵਿਚ ਲੜਦਿਆਂ ਅਜਿਹੀ ਸਥਿਤੀ 'ਚ ਪਹੁੰਚ ਗਏ ਕਿ ਉਨ੍ਹਾਂ ਨੂੰ  ਆਪਣੀ ਰਾਜਨੀਤੀ ਨੂੰ  ਜ਼ਿੰਦਾ ਰੱਖਣ ਲਈ ਭਾਜਪਾ ਦੇ ਪਿਛਲੱਗੂ ਬਣਨਾ ਪਿਆ | ਰਾਸ਼ਟਰੀ ਦਿ੍ਸ਼ਟੀ ਤੋਂ ਵਿਹੂਣੇ ਜਾਰਜ ਫਰਨਾਂਡਿਜ਼, ਰਾਮਕ੍ਰਿਸ਼ਨ ਹੇਗੜੇ, ਐਚ.ਡੀ. ਦੇਵਗÏੜਾ ਤੇ ਨਿਤਿਸ਼ ਕੁਮਾਰ ਵਰਗੇ ਆਗੂ ਭਾਜਪਾ ਦੀ ਸ਼ਰਨ 'ਚ ਆ ਗਏ | ਇਹ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਸੀ, ਕਿਉਂਕਿ ਸਮਾਜਵਾਦੀ ਆਗੂ ਭਾਜਪਾ ਦੇ ਅੱਗੇ ਵਧਣ ਦੇ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਸਨ | ਕਾਂਗਰਸ ਵਿਰੋਧੀ ਆਗੂ ਭਾਜਪਾ ਨਾਲ ਜੁੜਦੇ ਗਏ ਅਤੇ ਗੁਜਰਾਤ ਤੋਂ ਕਰਨਾਟਕ ਤੱਕ ਸਮਾਜਵਾਦੀਆਂ ਦਾ ਆਧਾਰ ਸੁੰਗੜਨ ਨਾਲ ਭਾਜਪਾ ਦੇਸ਼ 'ਚ ਮਜ਼ਬੂਤ ਹੁੰਦੀ ਗਈ | ਹਾਲਾਂਕਿ ਇਸ ਮਾਮਲੇ  'ਚ ਲਾਲੂ ਯਾਦਵ ਤੇ ਮੁਲਾਇਮ ਸਿੰਘ ਯਾਦਵ ਅਪਵਾਦ ਬਣੇ ਰਹੇ ਸਨ | ਉਹ ਕਦੇ ਵੀ ਭਾਜਪਾ 'ਚ ਸ਼ਾਮਿਲ ਨਾ ਹੋਏ, ਪਰ ਉਹ ਵੀ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਆਪੋ-ਆਪਣੇ ਕਬੀਲੇ ਬਣਾ ਕੇ ਉਨ੍ਹਾਂ ਦੇ ਆਗੂ ਬਣੇ ਰਹੇ | ਉਨ੍ਹਾਂ ਦੀ ਸੌੜੀ ਤੇ ਹਊਮੈ ਭਰੀ ਸੋਚ ਨੇ ਸਮਾਜਵਾਦੀ ਲਹਿਰ ਨੂੰ  ਪੂਰੀ ਤਰ੍ਹਾਂ ਤਬਾਹ ਕਰ ਦਿੱਤਾ | ਤੇਜਸਵੀ ਤੇ ਅਖਿਲੇਸ਼ ਸਿਰਫ਼ ਨਾਂਅ ਦੇ ਸਮਾਜਵਾਦੀ ਹਨ, ਪਰ ਉਨ੍ਹਾਂ ਦਾ ਜੇ.ਪੀ. ਤੇ ਲੋਹੀਆ ਦੇ ਸਮਾਜਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਇਸ ਕਰਕੇ  ਭਾਜਪਾ ਹੋਰ ਮਜ਼ਬੂਤ ਹੁੰਦੀ ਰਹੀ ਹੈ |
ਅੱਜ ਇਨ੍ਹਾਂ ਖੇਤਰੀ ਪਾਰਟੀਆਂ ਤੋਂ ਕੋਈ ਵੀ ਉਮੀਦ ਕਰਨਾ ਵਿਅਰਥ ਹੋਵੇਗਾ | ਉਹ ਨਾ ਤਾਂ ਖੁੱਲ੍ਹ ਕੇ ਲੜ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਲੰਬੇ ਸਮੇਂ ਦਾ ਰਾਸ਼ਟਰੀ ਦਿ੍ਸ਼ਟੀਕੋਣ ਹੈ | ਸ਼ਾਇਦ ਇਸ ਲਈ ਉਹ ਪਿਛਲੇ 12  ਸਾਲਾਂ ਦੌਰਾਨ ਕੋਈ ਅੰਦੋਲਨ ਸ਼ੁਰੂ ਨਹੀਂ ਕਰ ਸਕੇ ਹਨ | ਰਾਹੁਲ ਗਾਂਧੀ ਵੀ ਇਕੱਲਾ ਲੜਦਾ ਰਿਹਾ, ਕਾਂਗਰਸ ਇੰਨੀ ਕਮਜ਼ੋਰ ਹੋ ਗਈ ਸੀ ਕਿ ਇਸ ਨੂੰ  ਮੁੜ ਖੜ੍ਹਾ ਹੋਣ ਵਿਚ ਸਮਾਂ ਲੱਗਿਆ ਹੈ | ਇਸ ਪੂਰੇ ਪ੍ਰਕਰਣ 'ਚ  ਕਾਕਰੋਚ ਅੰਦੋਲਨ ਨੇ ਕਾਂਗਰਸ ਲਈ ਇਕ ਪ੍ਰੇਰਕ ਵਜੋਂ ਕੰਮ ਕੀਤਾ ਹੈ | ਕਾਕਰੋਚ ਅੰਦੋਲਨ ਨੇ ਵਿਰੋਧੀ ਧਿਰ ਤੇ ਲੋਕਾਂ ਨੂੰ  ਦਿਖਾ ਦਿੱਤਾ ਹੈ ਕਿ ਮੋਦੀ ਸਰਕਾਰ ਦੀ ਸਾਖ ਤੇ ਸੰਘ ਪਰਿਵਾਰ ਦੇ ਹੰਕਾਰ ਨੂੰ  ਤੋੜਿਆ ਜਾ ਸਕਦਾ ਹੈ, ਬਸ਼ਰਤੇ ਸੱਤਾ ਖ਼ਿਲਾਫ਼ ਲੜਾਈ ਨੈਤਿਕਤਾ ਦੀ ਧਰਾਤਲ 'ਤੇ ਬਿਨਾਂ ਕਿਸੇ ਡਰ ਤੋਂ ਜਨਤਕ ਮੁੱਦਿਆਂ ਨਾਲ ਜੁੜੀ ਹੋਈ ਹੋਵੇ | 
 

ashutosh83b@gmail.com

ਪਿਛਲੀ ਖ਼ਬਰ ਸਹੀ ਢੰਗ ਨਾਲ ਚੱਲ ਰਿਹਾ ਹੈ ਝੋਨੇ ਤੇ ਬਾਸਮਤੀ ਦਾ ਮੰਡੀਕਰਨ ਅਗਲੀ ਖ਼ਬਰ ਏਸ਼ਿਆਈ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਇਕ ਨਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।