28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

ਅਜੀਤ ਡੈਸਕ 27-10-2026

ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਸ਼ਕਾਮ ਸੇਵਾ, ਅਥਾਹ ਪ੍ਰੇਮ-ਭਗਤੀ, ਨਿਮਰਤਾ, ਸਹਿਣਸ਼ੀਲਤਾ ਅਤੇ ਉੱਚੇ-ਸੁੱਚੇ ਸਦਗੁਣਾਂ ਦਾ ਪ੍ਰਤੀਕ ਹੈ, ਜਿਸ ਤੋਂ ਸੱਚੀ ਸੇਵਾ, ਅਟਲ ਸਿਦਕ ਅਤੇ ਸਮਰਪਣ ਭਾਵਨਾ ਦੀ ਪ੍ਰੇਰਨਾ ਮਿਲਦੀ ਹੈ | ਆਪ ਜੀ ਵਲੋਂ ਗੁਰੂ-ਘਰ ਪ੍ਰਤੀ ਨਿਭਾਈ ਨਿਸ਼ਕਾਮ ਸੇਵਾ, ਅਟੁੱਟ ਸ਼ਰਧਾ ਅਤੇ ਹੁਕਮ ਦੀ ਪਾਲਣਾ ਸਿੱਖ ਇਤਿਹਾਸ ਅੰਦਰ ਇਕ ਲਾਸਾਨੀ ਮਿਸਾਲ ਹੈ |

ਸਿੱਖੀ ਦੇ ਬੂਟੇ ਨੂੰ  ਸਿੰਜਣ ਅਤੇ ਇਸ ਨੂੰ  ਹੋਰ ਪ੍ਰਫੁੱਲਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਅਹਿਮ ਕਾਰਜ ਕੀਤੇ | ਸ੍ਰੀ ਅੰਮਿ੍ਤਸਰ ਸਾਹਿਬ ਦੀ ਪਵਿੱਤਰ ਨਗਰੀ ਦੀ ਸਥਾਪਨਾ ਰਾਹੀਂ ਆਪ ਜੀ ਨੇ ਸਿੱਖ ਕੌਮ ਨੂੰ  ਅਜਿਹਾ ਰੂਹਾਨੀ ਕੇਂਦਰ ਬਖ਼ਸ਼ਿਆ, ਜੋ ਅੱਜ ਸਮੁੱਚੀ ਮਾਨਵਤਾ ਨੂੰ  ਸਰਬ-ਸਾਂਝੀਵਾਲਤਾ, ਪ੍ਰੇਮ, ਸੇਵਾ ਅਤੇ ਸਮਾਨਤਾ ਦਾ ਸੰਦੇਸ਼ ਦੇ ਰਿਹਾ ਹੈ | ਆਪ ਜੀ ਦੀ ਬਾਣੀ ਨੇ ਮਨੁੱਖਤਾ ਨੂੰ  ਅਕਾਲ ਪੁਰਖ ਨਾਲ ਜੁੜਨ, ਗ੍ਰਹਿਸਥ ਜੀਵਨ ਵਿਚ ਰਹਿੰਦਿਆਂ ਪ੍ਰਭੂ-ਭਗਤੀ ਕਰਨ ਅਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ  ਜੀਵਨ ਦਾ ਆਧਾਰ ਬਣਾਉਣ ਦੀ ਪ੍ਰੇਰਨਾ ਦਿੱਤੀ | ਆਪ ਜੀ ਦੇ ਜੀਵਨ ਦੀ ਵਡਿਆਈ ਨੂੰ  ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:-


ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ¨
ਪੂਰੀ ਹੋਈ ਕਰਾਮਾਤਿ
ਆਪਿ ਸਿਰਜਣਹਾਰੈ ਧਾਰਿਆ¨
ਸਿਖੀ ਅਤੈ ਸੰਗਤੀ
ਪਾਰਬ੍ਰਹਮੁ ਕਰਿ ਨਮਸਕਾਰਿਆ¨
ਅਟਲੁ ਅਥਾਹੁ ਅਤੋਲੁ ਤੂ
ਤੇਰਾ ਅੰਤੁ ਨ ਪਾਰਾਵਾਰਿਆ¨
(ਅੰਗ:968)
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਸਨੀਕ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਕੱਤਕ ਵਦੀ 2, ਸੰਮਤ 1591 (ਸੰਨ 1534) ਨੂੰ  ਹੋਇਆ | ਪਰਿਵਾਰ ਨੇ ਆਪ ਜੀ ਦਾ ਨਾਮ ਜੇਠਾ ਰੱਖਿਆ | ਬਾਲ ਅਵਸਥਾ ਵਿਚ ਹੀ ਆਪ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ | ਮਾਤਾ-ਪਿਤਾ ਦੇ ਅਕਾਲ ਚਲਾਣੇ ਉਪਰੰਤ ਆਪ ਦੇ ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮਿ੍ਤਸਰ ਵਿਚ ਬੀਤਿਆ, ਜਿੱਥੇ ਆਪ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਰਹੇ | ਬਾਸਰਕੇ ਪਿੰਡ ਸ੍ਰੀ ਗੁਰੂ ਅਮਰਦਾਸ ਜੀ ਦੀ ਨਗਰੀ ਸੀ, ਜਿੱਥੋਂ ਅਕਸਰ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ  ਗੋਇੰਦਵਾਲ ਜਾਇਆ ਕਰਦੀਆਂ ਸਨ | ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਵੀ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ | ਗੁਰੂ ਦੇ ਦਰਬਾਰ ਵਿਚ ਸਵੇਰੇ ਸ਼ਾਮ ਕਥਾ-ਕੀਰਤਨ ਸਰਵਣ ਕਰਦਿਆਂ ਆਪ ਗੁਰੂ ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ ਸਨ | ਇਸ ਦੌਰਾਨ ਭਾਈ ਜੇਠਾ ਜੀ ਨੇ ਆਪਣੇ ਨਿਰਬਾਹ ਲਈ ਘੁੰਗਣੀਆਂ ਵੇਚਣ ਦੀ ਕਾਰ ਵੀ ਜਾਰੀ ਰੱਖੀ | ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ  ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ | ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਭਾਈ ਜੇਠਾ ਜੀ ਨੇ ਲੋਕ-ਲਾਜ ਦੀ ਪ੍ਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ ਘਰ ਦੀ ਸੇਵਾ ਵਿਚ ਤਤਪਰ ਰਹੇ | ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦਾ ਸੇਵਾ ਭਾਵ ਤੇ ਅਣਥੱਕ ਘਾਲ ਵੇਖ ਕੇ ਬਹੁਤ ਪ੍ਰਸੰਨ ਸਨ | ਆਪ ਜੀ ਭਾਈ ਜੇਠਾ ਜੀ ਨੂੰ  ਪਿਆਰ ਨਾਲ ਰਾਮਦਾਸ ਕਹਿ ਕੇ ਬਲਾਉਂਦੇ ਸਨ, ਜਿਸ ਤੋਂ ਸੰਗਤਾਂ ਵਿਚ ਉਨ੍ਹਾਂ ਦਾ ਨਾਮ ਸ੍ਰੀ ਰਾਮਦਾਸ ਪੱਕ ਗਿਆ | ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਤੋਂ ਬਾਅਦ ਗੁਰਿਆਈ ਲਈ ਯੋਗ ਜਾਣਦਿਆਂ ਆਪ ਜੀ ਨੂੰ  ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ |
ਗੁਰਗੱਦੀ 'ਤੇ ਸੁਭਾਏਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਅਨੇਕਾਂ ਕਾਰਜ ਕੀਤੇ, ਜਿਸ ਨਾਲ ਗੁਰੂ ਘਰ ਦੀ ਵਡਿਆਈ ਚੁਫੇਰੇ ਫੈਲੀ | ਸ੍ਰੀ ਅੰਮਿ੍ਤਸਰ ਦੀ ਸਥਾਪਨਾ ਆਪ ਜੀ ਦਾ ਇਕ ਅਹਿਮ ਕਾਰਜ ਹੈ | ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ ਇੱਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ | ਇਹ ਸਰੋਵਰ ਸੰਤੋਖਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਇਸੇ ਦੌਰਾਨ ਆਪ ਨੇ ਨਗਰ 'ਗੁਰੂ ਕਾ ਚੱਕ' ਵਸਾਇਆ, ਜੋ ਬਾਅਦ ਵਿਚ 'ਰਾਮਦਾਸਪੁਰ/ਚੱਕ ਰਾਮਦਾਸ' ਦੇ ਨਾਂਅ ਨਾਲ ਜਾਣਿਆ ਗਿਆ ਅਤੇ ਫਿਰ ਸ੍ਰੀ ਅੰਮਿ੍ਤਸਰ ਵਜੋਂ ਪ੍ਰਸਿੱਧ ਹੋਇਆ | ਆਪ ਨੇ ਇੱਥੇ ਵਸਣ ਲਈ ਸੰਗਤਾਂ ਨੂੰ  ਪ੍ਰੇਰਿਆ | ਇਸ ਨਗਰ ਨੂੰ  ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰਾਂ ਦੇ ਕਿਰਤੀਆਂ ਨੂੰ  ਇੱਥੇ ਵਸਾਇਆ | ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ 52 ਕਿੱਤਿਆਂ ਨਾਲ ਸੰਬੰਧਿਤ ਲੋਕ ਸਨ | ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਇਕ ਮਿਸਾਲ ਬਣਿਆ | ਆਪ ਨੇ ਇੱਥੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਵਸਾਏ |
'ਮਸੰਦ' ਪ੍ਰਣਾਲੀ ਦਾ ਅਰੰਭ ਵੀ ਆਪ ਦਾ ਇਕ ਅਹਿਮ ਫ਼ੈਸਲਾ ਸੀ | ਮਸੰਦਾਂ ਨੇ ਗੁਰੂ ਘਰ ਦੇ ਪ੍ਰਚਾਰ-ਪਸਾਰ ਲਈ ਅਹਿਮ ਭੂਮਿਕਾ ਨਿਭਾਈ | ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ, ਜੋ ਸੰਗਤਾਂ ਤੋਂ ਗੁਰੂ ਘਰ ਲਈ ਭੇਟਾ ਇਕੱਠੀ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ | ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀਆਂ ਪਰੰਪਰਾਵਾਂ ਦੀ ਪਾਲਣਾ ਲਈ ਸੰਗਤਾਂ ਨੂੰ  ਪ੍ਰੇਰਿਆ ਅਤੇ ਸਿੱਖੀ ਮਰਿਆਦਾ ਨੂੰ  ਹੋਰ ਪੱਕਿਆਂ ਕੀਤਾ | ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭ ਕੀਤੀ ਗਈ ਲੰਗਰ ਦੀ ਮਰਿਆਦਾ ਨੂੰ  ਅੱਗੇ ਤੋਰਨ ਵਿਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ |
ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਕਰਦਿਆਂ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ | ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਹੈ | ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ | ਇਹ ਸਾਡੀ ਅਧਿਆਤਮਕ ਤੇ ਸਮਾਜਿਕ ਅਗਵਾਈ ਕਰਦੀ ਹੋਈ ਚੰਗਾ ਜੀਵਨ ਜਿਊਣ ਲਈ ਮਾਰਗ ਦਰਸ਼ਨ ਦਿੰਦੀ ਹੈ |
ਸ੍ਰੀ ਗੁਰੂ ਰਾਮਦਾਸ ਜੀ ਦੇ ਉਪਦੇਸ਼ ਜੀਵਨ ਨੂੰ  ਅੰਮਿ੍ਤਮਈ ਬਣਾਉਣ ਵਾਲੇ ਹਨ | ਉਨ੍ਹਾਂ ਦੇ ਕਾਰਜ ਮਨੁੱਖ ਨੂੰ  ਆਤਮਿਕ ਅਤੇ ਸਮਾਜਿਕ ਵਿਕਾਸ ਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ | ਗੁਰੂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸਿੱਖ ਜਗਤ ਨੂੰ  ਅਪੀਲ ਹੈ, ਕਿ ਆਓ ਆਪਾਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ  ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ  ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

ਪਿਛਲੀ ਖ਼ਬਰ ਬਿਆਨਬਾਜ਼ੀ ਦੀ ਮਰਿਆਦਾ ਅਗਲੀ ਖ਼ਬਰ ਸਹੀ ਢੰਗ ਨਾਲ ਚੱਲ ਰਿਹਾ ਹੈ ਝੋਨੇ ਤੇ ਬਾਸਮਤੀ ਦਾ ਮੰਡੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।