ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨ ਆਗੂ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਸਥਾਨਕ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੋਵਾਂ ਨੂੰ ਅੰਕਿਤ ਏਰੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ’ਚ ਵੀਡੀਓ ਕਾਨਫ਼ਰੰਸ ਜਰੀਏ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਜਿਲ੍ਹੇ ਦੇ ਕਿਸੇ ਬਾਹਰੀ ਸਿਵਲ ਹਸਪਤਾਲ ’ਚੋਂ ਮੈਡੀਕਲ ਕਰਵਾਇਆ ਗਿਆ।
ਪੁਲਿਸ ਵਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ। ਲੱਖਾ ਤੇ ਸ਼ੇਰੋਂ ਦੇ ਵਕੀਲਾਂ ਨੇ ਦਲੀਲਾਂ ਦਿੱਤੀਆਂ ਕਿ ਨੌਜਵਾਨਾਂ ਤੋਂ ਕੋਈ ਰਿਕਵਰੀ ਨਹੀਂ ਕਰਨੀ, ਇਸ ਲਈ ਪੁਲਿਸ ਰਿਮਾਂਡ ਬਣਦਾ ਹੀ ਨਹੀਂ ਪਰ ਅਦਾਲਤ ਨੇ 4 ਦਿਨ ਦਾ ਰਿਮਾਂਡ ਦੇ ਦਿੱਤਾ। ਦੱਸਣਾ ਬਣਦਾ ਹੈ ਕਿ ਲੰਘੀਂ 27 ਤਰੀਕ ਨੂੰ ਸ਼ੇਰੋਂ ਨੂੰ ਰਾਮਦਿੱਤੇਵਾਲਾ ਚੌਂਕ ਕੋਲ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਦਲਜੀਤ ਸਿੰਘ ਭੰਮੇ ਕਲਾਂ ਦੀ ਮ੍ਰਿਤਕ ਦੇਹ ਦੇ ਵਿਵਾਦ ਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ ਜਦਕਿ ਲੱਖੇ ਨੂੰ ਤਿੰਨਕੋਨੀ ਨਜ਼ਦੀਕ ਧਰਨੇ ਤੋਂ ਚਿੱਟ-ਕੱਪੜੀਏ ਪੁਲਿਸ ਵਾਲੇ ਚੁੱਕ ਕੇ ਲੈ ਗਏ ਸਨ।