05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਸ਼ਵ ਮੀਡੀਆ ਦੀ ਵਰਤਮਾਨ ਸਥਿਤੀ

ਵਿਸ਼ਵ ਮੀਡੀਆ ਦੀ ਵਰਤਮਾਨ ਸਥਿਤੀ

ਅਜੀਤ ਡੈਸਕ 05-10-2026

 

ਵਿਸ਼ਵ ਮੀਡੀਆ ਅੱਜ ਕ੍ਰਾਂਤੀਕਾਰੀ ਤਬਦੀਲੀਆਂ ਦੇ ਦੌਰ ਵਿਚੋਂ ਲੰਘ ਰਿਹਾ ਹੈ | ਇਕ ਪਾਸੇ ਸੂਚਨਾ-ਤਕਨੀਕ ਨੇ ਖ਼ਬਰ ਨੂੰ  ਵਿਸ਼ਵ ਦੇ ਹਰੇਕ ਕੋਨੇ ਤੱਕ ਮਿੰਟਾਂ-ਸਕਿੰਟਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਹੈ, ਦੂਸਰੇ ਪਾਸੇ ਸਚਾਈ, ਨੈਤਿਕਤਾ ਅਤੇ ਭਰੋਸੇਯੋਗਤਾ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ | ਮੌਜੂਦਾ ਮੀਡੀਆ ਦੇ ਸੋਚਣ-ਢੰਗ ਵਿਚ ਵੱਡਾ ਬਦਲਾਅ ਆ ਗਿਆ ਹੈ, ਇਹ ਸਿਰਫ਼ ਖ਼ਬਰਾਂ ਦਾ ਸੰਚਾਰ ਨਹੀਂ ਕਰ ਰਿਹਾ, ਸਗੋਂ ਮਨੁੱਖੀ ਸੋਚ, ਰਾਜਨੀਤਕ ਬਿਰਤਾਂਤ ਅਤੇ ਸਮਾਜਿਕ ਤਾਣੇ-ਬਾਣੇ ਨੂੰ  ਵੀ ਨਵੇਂ ਸਿਰਿਉਂ ਘੜ ਰਿਹਾ ਹੈ | 

ਵਿਸ਼ਵ ਮੀਡੀਆ ਵਿਚ ਡਿਜੀਟਲ ਕ੍ਰਾਂਤੀ ਅਤੇ ਐਲਗੋਰਿਦਮ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ | ਅੱਜ ਦਾ ਮੀਡੀਆ ਲੈਂਡਸਕੇਪ ਮੁੱਖ ਤੌਰ 'ਤੇ ਐਲਗੋਰਿਦਮ ਦੁਆਰਾ ਸੰਚਾਲਿਤ ਹੈ, ਜੋ ਉਪਭੋਗਤਾਵਾਂ ਨੂੰ  'ਈਕੋ ਚੈਂਬਰਜ਼' ਵਿਚ ਕੈਦ ਕਰਦਾ ਹੈ | ਇਹ ਡਿਜੀਟਲ ਢਾਂਚਾ ਲੋਕਾਂ ਨੂੰ  ਜਾਣਬੁੱਝ ਕੇ ਉਹੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਦੀ ਪਹਿਲਾਂ ਤੋਂ ਬਣੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ, ਜਿਸ ਨਾਲ ਸਮਾਜ ਵਿਚ ਧਰੁਵੀਕਰਨ ਅਤੇ ਅਸਹਿਣਸ਼ੀਲਤਾ ਵਿਚ ਵਾਧਾ ਹੋਇਆ ਹੈ |
ਅਸੀਂ ਇਕ ਅਜਿਹੇ ਇਤਿਹਾਸਕ ਦੌਰ ਵਿਚ ਜੀਅ ਰਹੇ ਹਾਂ, ਜਿਸ ਨੂੰ  'ਪੋਸਟ-ਟਰੂਥ' ਯੁੱਗ ਕਰਾਰ ਦਿੱਤਾ ਜਾ ਰਿਹਾ ਹੈ | ਇਸ ਯੁੱਗ ਵਿਚ ਉਦੇਸ਼ਪੂਰਨ ਤੱਥਾਂ ਨਾਲੋਂ ਜਜ਼ਬਾਤ ਅਤੇ ਨਿੱਜੀ ਵਿਸ਼ਵਾਸਾਂ ਨੂੰ  ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ | ਸੂਚਨਾ ਯੁੱਧ, ਪ੍ਰਾਪੇਗੰਡਾ, ਡੀਪਫੇਕ, ਸੰਗਠਿਤ ਆਈ.ਟੀ. ਸੈੱਲਾਂ ਅਤੇ ਫੇਕ ਨਿਊਜ਼ ਦੀ ਸੁਨਾਮੀ ਨੇ ਅਸਲ ਅਤੇ ਨਕਲ ਵਿਚਲੀ ਲਕੀਰ ਨੂੰ  ਖ਼ਤਮ ਕਰ ਦਿੱਤਾ ਹੈ | ਨਤੀਜੇ ਵਜੋਂ ਆਮ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਹੈ, ਜੋ ਲੋਕਤੰਤਰ ਦੇ ਚੌਥੇ ਥੰਮ੍ਹ ਲਈ ਚੰਗਾ ਸੰਕੇਤ ਨਹੀਂ ਹੈ | ਵਿਸ਼ਵ ਪੱਧਰ 'ਤੇ ਮੀਡੀਆ ਅਦਾਰੇ ਕੁਝ ਮੁੱਠੀ ਭਰ ਕਾਰਪੋਰੇਟ ਦਿੱਗਜ਼ਾਂ ਦੇ ਹੱਥਾਂ ਵਿਚ ਸਿਮਟ ਰਹੇ ਹਨ | ਇਹ ਪੱਤਰਕਾਰੀ ਦੀ ਆਜ਼ਾਦੀ ਲਈ ਇਕ ਵੱਡਾ ਖ਼ਤਰਾ ਬਣ ਗਿਆ ਹੈ |
ਵਧਦੇ ਰਾਜਨੀਤਕ ਅਤੇ ਆਰਥਿਕ ਦਬਾਅ ਕਾਰਨ ਮੀਡੀਆ ਦੀ ਸਥਿਤੀ ਅੱਜ ਪਹਿਲਾਂ ਵਾਲੀ ਨਹੀਂ ਰਹੀ | ਦੁਨੀਆ ਦੇ ਕਈ ਹਿੱਸਿਆਂ ਵਿਚ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਨਿਰਪੱਖ ਅਤੇ ਸੱਚੇ ਪੱਤਰਕਾਰਾਂ 'ਤੇ ਹੋ ਰਹੇ ਹਮਲੇ, ਜੇਲ੍ਹਾਂ ਅਤੇ ਸੈਂਸਰਸ਼ਿਪ ਨੇ ਪ੍ਰੈੱਸ ਦੀ ਆਜ਼ਾਦੀ ਨੂੰ  ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਵਿਸ਼ਵ ਮੀਡੀਆ ਉਦਯੋਗ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਪ੍ਰਵੇਸ਼ ਨੇ ਸੰਪਾਦਕੀ ਪ੍ਰਕਿਰਿਆ ਨੂੰ  ਪ੍ਰਭਾਵਿਤ ਕੀਤਾ ਹੈ | ਡਾਟਾ ਪੱਤਰਕਾਰੀ ਅਤੇ ਆਟੋਮੇਟਿਡ ਖ਼ਬਰਾਂ ਨੇ ਕੰਮ ਦੀ ਰਫ਼ਤਾਰ ਨੂੰ  ਵਧਾਇਆ ਹੈ ਪਰ ਏ.ਆਈ. ਦੁਆਰਾ ਪੈਦਾ ਕੀਤੇ ਪੱਖਪਾਤ ਅਤੇ ਸਿਰਜੀ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇ ਪਸਾਰ ਨੇ ਨਵੇਂ ਸਵਾਲ ਪੈਦਾ ਕਰ ਦਿੱਤੇ ਹਨ | ਵਿਸ਼ਵ ਮੀਡੀਆ ਅੱਜ ਚੁਰਾਹੇ 'ਤੇ ਖੜ੍ਹਾ ਹੈ | ਬਹੁ-ਪੱਖੀ ਸੰਕਟ ਨੇ ਚਿੰਤਾਵਾਂ ਅਤੇ ਚੁਣੌਤੀਆਂ ਵਧਾ ਦਿੱਤੀਆਂ ਹਨ | 
ਇਨ੍ਹਾਂ ਵਿਚੋਂ ਉੱਭਰਨ ਲਈ ਮੀਡੀਆ-ਸਾਖ਼ਰਤਾ, ਆਜ਼ਾਦ ਅਤੇ ਸਥਾਨਕ ਪੱਤਰਕਾਰੀ ਨੂੰ  ਵਿੱਤੀ ਹਮਾਇਤ ਅਤੇ ਵੱਡੀਆਂ ਆਈ.ਟੀ. ਕੰਪਨੀਆਂ ਲਈ ਸਖ਼ਤ ਨੈਤਿਕ ਦਿਸ਼ਾ-ਨਿਰਦੇਸ਼ਾਂ ਦੀ ਤੁਰੰਤ ਲੋੜ ਹੈ | ਲੋਕਤੰਤਰ ਅਤੇ ਸਮਾਜਿਕ ਨਿਆਂ ਲਈ ਜ਼ਰੂਰੀ ਹੈ ਕਿ ਵਿਸ਼ਵ ਮੀਡੀਆ ਮੁੜ ਆਪਣੇ ਮੂਲ-ਉਦੇਸ਼ (ਸੋਚ ਦੀ ਨਿਰਪੱਖ ਖੋਜ) ਵੱਲ ਪਰਤੇ |
ਇਸ ਮਕਸਦ ਲਈ ਕਈ ਪੱਤਰਕਾਰਾਂ ਨੇ ਮੀਡੀਆ ਦੇ ਕਾਰਪੋਰੇਟ ਢਾਂਚੇ ਤੋਂ ਨਿਰਾਸ਼ ਹੋ ਕੇ ਸਬਸਟੈਕ, ਯੂ-ਟਿਊਬ ਅਤੇ ਪੋਡਕਾਸਟਾਂ ਜਿਹੇ ਸੁਤੰਤਰ ਮੰਚਾਂ ਦਾ ਰਾਹ ਅਖ਼ਤਿਆਰ ਕੀਤਾ ਹੈ | ਲੋਕ ਹੁਣ ਅਜਿਹੇ ਸੁਤੰਤਰ ਪੱਤਰਕਾਰਾਂ 'ਤੇ ਵਧੇਰੇ ਵਿਸ਼ਵਾਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ  ਸਹਿਯੋਗ ਦੇ ਰਹੇ ਹਨ |
ਵਿਸ਼ਵ ਪੱਧਰ 'ਤੇ ਛੋਟੀਆਂ ਵੀਡੀਓਜ਼ ਦਾ ਬੋਲਬਾਲਾ ਹੋ ਰਿਹਾ ਹੈ | ਟਿਕਟਾਕ, ਇੰਸਟਾਗ੍ਰਾਮ ਰੀਲਜ਼ ਅਤੇ ਯੂ-ਟਿਊਬ ਸ਼ਾਰਟਸ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ | ਇਸ ਰੁਝਾਨ ਨੇ ਖ਼ਬਰਾਂ ਦੇ ਸਰੂਪ ਨੂੰ  ਛੋਟਾ ਅਤੇ ਤੇਜ਼ ਬਣਾ ਦਿੱਤਾ ਹੈ | ਇਸ ਨਾਲ ਗੁੰਝਲਦਾਰ ਮੁੱਦਿਆਂ ਦੀ ਡੂੰਘਾਈ ਨਾਲ ਪੜਚੋਲ ਕਰਨ ਦੀ ਥਾਂ ਉਪਰੀ ਜਿਹੀ ਜਾਣਕਾਰੀ ਦਾ ਪਸਾਰ ਵਧਿਆ ਹੈ | ਇਹੀ ਕਾਰਨ ਹੈ ਕਿ ਸੰਜੀਦਾ ਪਾਠਕ ਅਗਲੇ ਦਿਨ ਸਵੇਰ ਤੱਕ ਅਜੇ ਵੀ ਅਖ਼ਬਾਰ ਦੀ ਉਡੀਕ ਕਰਦੇ ਹਨ |
ਉਧਰ ਪੱਛਮੀ ਦੇਸ਼ਾਂ ਦੇ ਮੀਡੀਆ ਖੇਤਰ ਵਿਚ ਲੰਮੇ ਸਮੇਂ ਤੋਂ ਚਲੇ ਆ ਰਹੇ ਦਬਦਬੇ ਨੂੰ  ਹੁਣ ਚੁਣੌਤੀ ਮਿਲ ਰਹੀ ਹੈ | ਅਲਜਜ਼ੀਰਾ, ਵਿਓਨ ਅਤੇ ਹੋਰ ਕਈ ਏਸ਼ਿਆਈ ਤੇ ਅਫ਼ਰੀਕੀ ਮੀਡੀਆ ਨੈੱਟਵਰਕ ਕੌਮਾਂਤਰੀ ਘਟਨਾਵਾਂ ਨੂੰ  ਆਪਣੇ ਨਜ਼ਰੀਏ ਤੋਂ ਪੇਸ਼ ਕਰ ਕੇ ਪੱਛਮੀ ਬਿਰਤਾਂਤ ਨੂੰ  ਸੰਤੁਲਿਤ ਕਰ ਰਹੇ ਹਨ |
ਡਾਟਾ ਨਿੱਜਤਾ ਅਤੇ ਡਿਜੀਟਲ ਨਿਗਰਾਨੀ ਦੀ ਸਮੱਸਿਆ ਹੋਰ ਵਿਕਰਾਲ ਰੂਪ ਧਾਰਨ ਕਰ ਗਈ ਹੈ | ਸੋਸ਼ਲ ਮੀਡੀਆ ਅਤੇ ਟੈੱਕ ਕੰਪਨੀਆਂ ਖਪਤਕਾਰਾਂ ਦੇ ਡਾਟੇ ਦੀ ਵੱਡੀ ਪੱਧਰ 'ਤੇ ਵਰਤੋਂ ਕਰ ਰਹੀਆਂ ਹਨ | ਉਪਭੋਗਤਾਵਾਂ ਦੀ ਆਨਲਾਈਨ ਸਰਗਰਮੀ ਨੂੰ  ਟਰੈਕ ਕਰ ਕੇ, ਉਨ੍ਹਾਂ ਨੂੰ  ਨਿਸ਼ਾਨਾ ਬਣ ਕੇ ਖ਼ਬਰਾਂ, ਇਸ਼ਤਿਹਾਰ ਅਤੇ ਵਿਚਾਰ ਵਿਖਾਏ ਜਾਂਦੇ ਹਨ,ਜਿਸ ਨਾਲ ਨਿੱਜਤਾ ਦੀ ਉਲੰਘਣਾ ਅਤੇ ਲੋਕ-ਮਾਨਸਿਕਤਾ ਨੂੰ  ਕੰਟਰੋਲ ਕਰਨ ਦੇ ਮੁੱਦੇ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ |
 

ਈ-ਮੇਲ : prof_kulbir@yahoo.com

ਪਿਛਲੀ ਖ਼ਬਰ 'ਨੈਕਸਟ-ਜੈਨਰੇਸ਼ਨ ਜੀ.ਐੱਸ.ਟੀ.' ਤੇ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਅਗਲੀ ਖ਼ਬਰ ਸ਼ੇਅਰ ਬਾਜ਼ਾਰ 'ਤੇ ਸਰਕਾਰ ਚੁੱਪ ਕਿਉਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।