25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਚੀਨ ਨਾਲ ਮੁੜ ਤਲਖ਼ੀ

ਚੀਨ ਨਾਲ ਮੁੜ ਤਲਖ਼ੀ

ਅਜੀਤ ਡੈਸਕ 25-10-2026

1962 ਵਿਚ ਚੀਨ ਨੇ ਸਰਹੱਦੀ ਮਸਲੇ ਨੂੰ  ਲੈ ਕੇ ਭਾਰਤ 'ਤੇ ਹਮਲਾ ਕੀਤਾ ਸੀ | ਪਿਛਲੇ 64 ਸਾਲ ਵਿਚ ਦੋਹਾਂ ਦੇਸ਼ਾਂ ਵਿਚਾਲੇ ਬਹੁਤ ਕੁਝ ਵਾਪਰਿਆ | ਹਰ ਪੱਧਰ 'ਤੇ ਸੈਂਕੜੇ ਵਾਰ ਆਪਸੀ ਮੀਟਿੰਗਾਂ ਵੀ ਹੋਈਆਂ, ਸੈਂਕੜੇ ਵਾਰ ਦੋਹਾਂ ਦੇ ਹਰ ਤਰ੍ਹਾਂ ਦੇ ਪ੍ਰਤੀਨਿਧ ਮੰਡਲਾਂ ਨੇ ਇਕ-ਦੂਜੇ ਦੇ ਦੇਸ਼ ਦੇ ਦੌਰੇ ਵੀ ਕੀਤੇ | ਦਰਜਨਾਂ ਵਾਰ ਦੋਵੇਂ ਦੇਸ਼ਾਂ ਦੇ ਉੱਚ ਆਗੂਆਂ ਨੇ ਇਕ ਦੂਸਰੇ ਦੇਸ਼ ਦੀਆਂ ਯਾਤਰਾਵਾਂ ਕੀਤੀਆਂ, ਬਿ੍ਕਸ ਵਰਗੇ ਸੰਗਠਨਾਂ ਦੇ ਦੋਵੇਂ ਦੇਸ਼ ਮੈਂਬਰ ਵੀ ਬਣੇ ਰਹੇ ਅਤੇ ਸਭ ਤੋਂ ਉੱਤੇ ਦੋਹਾਂ ਦਾ ਆਪਸੀ ਵਪਾਰ ਵੀ ਲਗਾਤਾਰ ਦੁੱਗਣਾ-ਚੌਗਣਾ ਹੁੰਦਾ ਜਾ ਰਿਹਾ ਹੈ | ਇਸੇ ਹੀ ਸਤੰਬਰ ਦੇ ਮਹੀਨੇ ਵਿਚ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਵਿਚ ਆਯੋਜਿਤ ਬਿ੍ਕਸ ਸੰਮੇਲਨ ਵਿਚ ਹਿੱਸਾ ਲੈਣ ਆਇਆ ਸੀ | ਉੱਥੋਂ ਦੇ ਰਾਸ਼ਟਰਪਤੀ ਅਤੇ ਇੱਥੋਂ ਦੇ ਪ੍ਰਧਾਨ ਮੰਤਰੀਆਂ ਦੀਆਂ ਵੀ ਹੁਣ ਤੱਕ ਅਨੇਕਾਂ ਅਨੇਕ ਸਮੇਂ-ਸਮੇਂ ਮੀਟਿੰਗਾਂ ਹੁੰਦੀਆਂ ਰਹੀਆਂ ਹਨ | ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਉਸ ਦੀ ਲਗਾਤਾਰ ਲਾਲਸਾ ਭਾਰਤ ਦੀਆਂ ਸਰਹੱਦਾਂ ਅੰਦਰ ਘੁਸਪੈਠ ਕਰ ਕੇ ਵੱਧ ਤੋਂ ਵੱਧ ਹੋਰ ਇਲਾਕੇ 'ਤੇ ਕਬਜ਼ਾ ਕਰਨ ਦੀ ਰਹੀ ਹੈ |

ਭਾਰਤੀ ਪ੍ਰਾਂਤ ਅਰੁਣਾਂਚਲ ਪ੍ਰਦੇਸ਼ 'ਤੇ ਉਹ ਅੱਜ ਵੀ ਆਪਣਾ ਦਾਅਵਾ ਜਮਾ ਰਿਹਾ ਹੈ | ਇੱਥੋਂ ਤੱਕ ਕਿ ਜੇ ਕੋਈ ਵੱਡਾ ਭਾਰਤੀ ਆਗੂ ਉੱਥੇ ਦੀ ਯਾਤਰਾ ਕਰਦਾ ਹੈ ਤਾਂ ਚੀਨ ਸ਼ਰ੍ਹੇਆਮ ਇਸ ਦੀ ਆਲੋਚਨਾ ਕਰਦਾ ਹੈ | ਇੱਥੋਂ ਤੱਕ ਕਿ ਉਸ ਨੇ ਅਰੁਣਾਂਚਲ ਪ੍ਰਦੇਸ਼ ਦੇ ਬਹੁਤੇ ਇਲਾਕਿਆਂ ਦੇ ਆਪਣੇ ਤੌਰ 'ਤੇ ਨਾਮ ਵੀ ਰੱਖੇ ਹੋਏ ਹਨ | ਭੂਟਾਨ ਦੀ ਸਰਹੱਦ ਨੇੜੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਕਈ ਮਹੀਨਿਆਂ ਤੱਕ ਇਕ-ਦੂਸਰੇ ਦੇ ਸਾਹਮਣੇ ਤਣੀਆਂ ਰਹੀਆਂ ਸਨ | 15 ਜੂਨ, 2020 ਨੂੰ  ਤਿੱਬਤ ਵਿਚ ਗਲਵਾਨ ਵਿਖੇ ਚੀਨੀ ਫ਼ੌਜੀਆਂ ਨਾਲ ਹੋਈ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ | ਉਸ ਸਮੇਂ ਤੋਂ ਹੀ ਇਸ ਉੱਤਰ-ਪੂਰਬੀ ਸਰਹੱਦ 'ਤੇ ਵੱਡਾ ਤਣਾਅ ਬਣਿਆ ਨਜ਼ਰ ਆਉਂਦਾ ਰਿਹਾ ਹੈ | ਦੋਹਾਂ ਦੇਸ਼ਾਂ ਵਿਚ ਸਰਹੱਦੀ ਮਸਲੇ ਨੂੰ  ਲੈ ਕੇ ਉੱਚ ਪੱਧਰੀ ਤਿੰਨ ਦਰਜਨ ਦੇ ਲਗਭਗ ਫ਼ੌਜੀ ਅਫ਼ਸਰਾਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ | ਪਰ ਇਸ ਸਭ ਕੁਝ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚ ਬੇਭਰੋਸਗੀ ਬਣੀ ਰਹੀ ਹੈ | ਚੀਨ ਭਾਰਤ ਦੇ ਕਈ ਸਰਹੱਦੀ ਇਲਾਕਿਆਂ 'ਤੇ ਆਪਣਾ ਹੱਕ ਜਮਾਉਂਦਾ ਹੈ | ਦੂਸਰੇ ਪਾਸੇ ਭਾਰਤ ਇਨ੍ਹਾਂ ਨੂੰ  ਆਪਣੇ ਹਿੱਸੇ ਮੰਨ ਕੇ ਇਨ੍ਹਾਂ 'ਤੇ ਆਪਣੀ ਪ੍ਰਭੂਸੱਤਾ ਜਤਾਉਂਦਾ ਆਇਆ ਹੈ | ਭਾਰਤ ਦਾ ਜਦੋਂ ਕਿਸੇ ਗੁਆਂਢੀ ਦੇਸ਼ ਨਾਲ ਤਣਾਅ ਪੈਦਾ ਹੁੰਦਾ ਹੈ ਤਾਂ ਚੀਨ ਉਸ ਦੀ ਹਰ ਤਰ੍ਹਾਂ ਦੀ ਮਦਦ ਲਈ ਆ ਖੜ੍ਹਾ ਹੁੰਦਾ ਹੈ | ਪਿਛਲੇ ਦਹਾਕਿਆਂ ਵਿਚ ਜਿੱਥੇ ਉਸ ਦੀ ਆਰਥਿਕਤਾ ਮਜ਼ਬੂਤ ਹੋਈ ਹੈ, ਉੱਥੇ ਉਸ ਨੇ ਆਪਣੀ ਫ਼ੌਜੀ ਸ਼ਕਤੀ ਵੀ ਬੇਹੱਦ ਮਜ਼ਬੂਤ ਕਰ ਲਈ ਹੈ | ਇਸ ਦੀ ਧੋਂਸ ਉਹ ਭਾਰਤ ਨੂੰ  ਹੀ ਨਹੀਂ, ਸਗੋਂ ਆਪਣੇ ਬਹੁਤੇ ਛੋਟੇ ਗੁਆਂਢੀ ਦੇਸ਼ਾਂ ਨੂੰ  ਵੀ ਦਿੰਦਾ ਰਹਿੰਦਾ ਹੈ |
ਬਿਨਾਂ ਸ਼ੱਕ ਉਸ ਦੀਆਂ ਲਲਚਾਈਆਂ ਵਿਸਥਾਰਵਾਦੀ ਨੀਤੀਆਂ ਦੀ ਥਾਹ ਪਾਉਣੀ ਮੁਸ਼ਕਿਲ ਹੈ | ਹੁਣ ਇਕ ਵਾਰ ਫਿਰ ਚੀਨ ਆਪਣੀ ਸ਼ਰਾਰਤ 'ਤੇ ਉੱਤਰ ਆਇਆ ਹੈ | ਇਸ ਦਾ ਖ਼ੁਲਾਸਾ ਭਾਰਤ-ਤਿੱਬਤ ਸੀਮਾ ਪੁਲਿਸ ਦੇ ਮਹਾਨਿਰਦੇਸ਼ਕ ਸ਼ਤਰੂਜੀਤ ਸਿੰਘ ਕਪੂਰ ਨੇ ਕੀਤਾ ਹੈ | ਰਾਜਸਥਾਨ ਦੇ ਅਲਵਰ ਵਿਚ 'ਹਿਮਵੀਰ ਸਨਮਾਨ ਸਮਾਰੋਹ' ਵਿਚ ਬੋਲਦਿਆਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਪਿਛਲੇ ਜੁਲਾਈ ਦੇ ਮਹੀਨੇ ਤੋਂ ਅਰੁਣਾਂਚਲ ਵਿਚ ਕਈ ਥਾਵਾਂ 'ਤੇ ਟਕਰਾਅ ਪੈਦਾ ਹੋਇਆ ਹੈ, ਜੋ ਹਾਲੇ ਤੱਕ ਜਾਰੀ ਹੈ | ਚੀਨ ਨੂੰ  'ਸਭ ਤੋਂ ਮੁਸ਼ਕਿਲ ਸੀਮਾ' ਅਤੇ 'ਸਭ ਤੋਂ ਵੱਡਾ ਦੁਸ਼ਮਣ' ਦੱਸਦਿਆਂ ਉਸ ਨੇ ਕਿਹਾ ਕਿ ਇਸ ਸ਼ਕਤੀਸ਼ਾਲੀ ਹੋ ਚੁੱਕੇ ਦੇਸ਼ ਦਾ ਮੁਕਾਬਲਾ ਰਵਾਇਤੀ ਤਰੀਕਿਆਂ ਨਾਲ ਨਹੀਂ, ਸਗੋਂ ਫ਼ੌਜ ਨੂੰ  ਆਧੁਨਿਕ ਬਣਾਉਣ ਨਾਲ ਹੀ ਹੋ ਸਕਦਾ ਹੈ | ਇਸ ਲਈ ਸ਼ਕਤੀਸ਼ਾਲੀ ਡਰੋਨ ਅਤੇ ਐਂਟੀ ਡਰੋਨਾਂ ਦੀ ਜ਼ਰੂਰਤ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਸਰਹੱਦਾਂ 'ਤੇ ਝਗੜਾ ਉਦੋਂ ਹੁੰਦਾ ਹੈ, ਜਦੋਂ ਚੀਨੀ ਫ਼ੌਜੀ ਆਪਣੇ ਤੈਅਸ਼ੁਦਾ ਰਸਤਿਆਂ ਨੂੰ  ਛੱਡ ਕੇ ਅੱਗੇ ਵਧ ਕੇ ਗਸ਼ਤ ਕਰਨੀ ਸ਼ੁਰੂ ਕਰ ਦਿੰਦੇ ਹਨ |
ਬਿਨਾਂ ਸ਼ੱਕ ਇਹ ਵੱਡੀ ਚਿੰਤਾਜਨਕ ਸਥਿਤੀ ਹੈ | ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹੇ ਸਭ ਕੁਝ ਦੇ ਹੁੰਦਿਆਂ ਵੀ ਭਾਰਤ ਨੇ ਚੀਨ ਨਾਲ ਵੱਡੀ ਪੱਧਰ 'ਤੇ ਆਪਣੇ ਵਪਾਰਕ ਸੰਬੰਧ ਜਾਰੀ ਰੱਖੇ ਹੋਏ ਹਨ | ਇੱਥੇ ਹੀ ਬੱਸ ਨਹੀਂ, ਇਸ ਤੋਂ ਅਜਿਹਾ ਪ੍ਰਭਾਵ ਵੀ ਮਿਲਦਾ ਹੈ, ਜਿਵੇਂ ਭਾਰਤ ਦਾ ਇਸ ਦੇਸ਼ ਨਾਲ ਵਪਾਰ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੋ ਸਕਦਾ | ਇਸੇ ਸਾਲ ਪਹਿਲੇ 9 ਮਹੀਨਿਆਂ ਵਿਚ ਚੀਨ ਨਾਲ ਭਾਰਤ ਦਾ ਵਪਾਰ ਘਾਟਾ 100 ਅਰਬ ਡਾਲਰ ਦਾ ਮੰਨਿਆ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਿਚ 20 ਫ਼ੀਸਦੀ ਤੋਂ ਵੀ ਵਧੇਰੇ ਹੈ | ਅਜਿਹਾ ਹੁੰਦਿਆਂ ਵੀ ਜਿਸ ਤਰ੍ਹਾਂ ਦਾ ਰਵੱਈਆ ਹੁਣ ਤੱਕ ਚੀਨ ਨੇ ਭਾਰਤ ਪ੍ਰਤੀ ਧਾਰਨ ਕਰੀ ਰੱਖਿਆ ਹੈ, ਉਸ ਲਈ ਭਾਰਤ ਨੂੰ  ਵੀ ਉਸ ਪ੍ਰਤੀ ਆਪਣੀ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇਹ ਵੀ ਸਪੱਸ਼ਟ ਪ੍ਰਭਾਵ ਦੇਣਾ ਹੋਵੇਗਾ, ਕਿ ਭਾਰਤ ਹਰ ਸੂਰਤ ਵਿਚ ਡੋਕਲਾਮ ਦੀ ਘਟਨਾ ਵਾਂਗ ਚੀਨ ਸਾਹਮਣੇ ਡਟ ਕੇ ਖੜ੍ਹਾ ਹੋਣ ਦੀ ਹਿੰਮਤ ਰੱਖਦਾ ਹੈ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਪੰਜਾਬ ਖੇਤੀਬਾੜੀ ਦਾ ਬਹੁਪੱਖੀ ਸੰਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।