28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਨਾਦਰ ਸ਼ਾਹ ਦੀ ਦਾਸਤਾਨ

ਨਾਦਰ ਸ਼ਾਹ ਦੀ ਦਾਸਤਾਨ

ਅਜੀਤ ਡੈਸਕ 29-11-2026

1. ਤੈਮੂਰ

ਤੈਮੂਰ ਨੂੰ  ਤੈਮੂਰ ਲੰਗ ਵੀ ਆਖਿਆ ਜਾਂਦਾ ਹੈ | ਯੂਰਪ ਵਿਚ ਉਸ ਦੇ ਨਾਂਅ ਦਾ ਉਚਾਰਨ ਤੈਮੂਰ ਲੇਨ ਵਜੋਂ ਕੀਤਾ ਜਾਂਦਾ ਹੈ | ਖ਼ਿਤਾਬਾਂ ਸਮੇਤ ਉਸ ਦਾ ਪੂਰਾ ਨਾਂਅ ਹੈ: ਕੁਤਬ ਉਲ-ਦੁਨੀਆ-ਓ-ਦੀਨ ਅਮੀਰ ਤੈਮੂਰ ਗੌਰਕਾਨ ਸਾਹਿਬ ਏ ਕੁਰਾਨ | ਤੈਮੂਰ ਦੇ ਪਿਤਾ ਦਾ ਨਾਂਅ ਅਮੀਰ ਤੁਰਗ਼ਈ ਖ਼ਾਨ ਅਤੇ ਮਾਤਾ ਦਾ ਨਾਂਅ ਤਾਕੀਨਾ ਖ਼ਾਤੁਨ ਸੀ | ਉਸ ਦਾ ਜਨਮ 6 ਅਪ੍ਰੈਲ 1336 ਨੂੰ  ਕਾਜ਼ਾਨ ਖ਼ਾਨ ਦੀ ਹਕੂਮਤ ਸਮੇਂ ਕੈਸ਼ ਨਾਂਅ ਦੇ ਸ਼ਹਿਰ (ਜਿਸ ਨੂੰ  'ਸ਼ਹਿਰ-ਏ-ਸਬਜ਼' ਵੀ ਆਖਿਆ ਜਾਂਦਾ ਸੀ) ਵਿਚ ਹੋਇਆ | ਇਹ ਸ਼ਹਿਰ ਸਮਰਕੰਦ ਤੋਂ ਇਕ ਮੰਜ਼ਿਲ (25-30 ਮੀਲ) ਦੂਰ ਸੀ | 8 ਅਪ੍ਰੈਲ, 1370 ਨੂੰ  ਉਹ ਬਲਖ਼ ਸ਼ਹਿਰ ਦੇ ਤਖ਼ਤ ਉੱਤੇ ਬਿਰਾਜਮਾਨ ਹੋਇਆ | ਚੰਦਰਮਾ ਕੈਲੰਡਰ (ਜਿਸ ਵਿਚ ਸਾਲ ਦੇ 354 ਦਿਨ ਹੁੰਦੇ ਹਨ) ਅਨੁਸਾਰ ਉਸ ਵੇਲੇ ਉਸ ਦੀ ਉਮਰ 35 ਸਾਲ ਅਤੇ 17 ਦਿਨ ਸੀ | ਤਖ਼ਤ-ਨਸ਼ੀਨੀ ਤੋਂ ਮੌਤ ਤੱਕ ਦੇ ਸਮੇਂ ਤੱਕ, ਜੋ 35 ਸਾਲ 11 ਮਹੀਨੇ 5 ਦਿਨ ਬਣਦਾ ਹੈ, ਦੌਰਾਨ ਉਸ ਨੇ ਵਿਸ਼ਵ ਦੇ ਵੱਡੇ ਹਿੱਸੇ ਉੱਤੇ ਆਪਣਾ ਕਬਜ਼ਾ ਜਮਾਇਆ ਅਤੇ ਐਨੀਆਂ ਜਿੱਤਾਂ ਹਾਸਿਲ ਕੀਤੀਆਂ, ਜਿੰਨੀਆਂ ਉਸ ਤੋਂ ਪਹਿਲਾਂ ਕਿਸੇ ਬਾਦਸ਼ਾਹ ਨੇ ਹਾਸਿਲ ਨਹੀਂ ਕੀਤੀਆਂ ਸਨ |
ਤੈਮੂਰ ਨੇ ਮਾਵਰਾ-ਅਲ-ਨਹਰ ਉੱਤੇ ਫ਼ਤਹਿ ਹਾਸਿਲ ਕੀਤੀ, ਜਿਸ ਨੂੰ  ਟ੍ਰਾਂਸਆਕਸਾਨੀਆ ਵੀ ਆਖਿਆ ਜਾਂਦਾ ਹੈ | ਇਹ ਮੱਧ ਏਸ਼ੀਆ ਦਾ ਉਹ ਉਪਜਾਊ ਖਿੱਤਾ ਹੈ, ਜੋ ਅਮੂ ਦਰਿਆ ਤੋਂ ਲੈ ਕੇ ਸਯਰ ਦਰਿਆ ਤਕ ਫੈਲਿਆ ਹੋਇਆ ਹੈ | ਤੈਮੂਰ ਨੇ ਬਿਦਖ਼ਸ਼ਾਂ, ਖ਼ੁਰਾਸਾਨ, ਤੁਰਕਿਸਤਾਨ, ਜ਼ਬੁਲਿਸਤਾਨ, ਕਾਬੁਲ, ਗ਼ੋਰ, ਦਿੱਲੀ ਤੱਕ ਦਾ ਹਿੰਦੋਸਤਾਨ, ਸਾਰਾ ਏਸ਼ੀਆ ਮਾਈਨਰ, ਸੀਰੀਆ ਅਤੇ ਮਿਸਰ ਤੱਕ ਆਪਣੀ ਜਿੱਤ ਦੇ ਝੰਡੇ ਗੱਡੇ | ਸੰਨ 1398 ਵਿਚ ਉਹ ਹਿੰਦੋਸਤਾਨ ਦੀ ਮੁਹਿੰਮ 'ਤੇ ਰਵਾਨਾ ਹੋਇਆ ਅਤੇ ਉਸੇ ਸਾਲ-16 ਦਸੰਬਰ ਵਾਲੇ ਦਿਨ ਆਪਣੀ ਇਕ ਲੱਖ ਘੋੜਸਵਾਰ ਫ਼ੌਜ ਨਾਲ ਉਸ ਨੇ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਉੱਤੇ ਕਬਜ਼ਾ ਕਰ ਲਿਆ |
ਉਸ ਨੂੰ  ਇਹ ਗੱਲ ਜਚ ਗਈ ਕਿ ਸਮੁੱਚੇ ਹਿੰਦੋਸਤਾਨ ਨੂੰ  ਫ਼ਤਹਿ ਕਰਨਾ ਬਹੁਤ ਜ਼ਿਆਦਾ ਔਖਿਆਈ ਨਾਲ ਹੀ ਸੰਭਵ ਹੋ ਸਕੇਗਾ | ਸਮੁੱਚੇ ਹਿੰਦੋਸਤਾਨ ਨੂੰ  ਫ਼ਤਹਿ ਕਰਨ ਦਾ ਸੁਪਨਾ ਭਵਿੱਖ ਵਿਚ ਫਿਰ ਕਦੇ ਪੂਰਾ ਕਰਨ ਬਾਰੇ ਸੋਚ ਕੇ ਉਹ ਦਿੱਲੀ ਤੋਂ ਹੀ ਪਰਤ ਗਿਆ ਅਤੇ ਉਸ ਨੇ ਤੁਰਕਾਂ ਵਿਰੁੱਧ ਮੁਹਿੰਮ ਵਿੱਢਣ ਦਾ ਵਿਚਾਰ ਬਣਾ ਲਿਆ | ਦਿੱਲੀ ਫ਼ਤਹਿ ਕਰਨ ਤੋਂ ਤਿੰਨ ਸਾਲ ਅੱਠ ਮਹੀਨੇ ਬਾਅਦ ਯਾਨੀ 1401 ਦੇ ਅੰਤ ਵਿਚ ਉਸ ਨੇ ਦੋ ਲੱਖ ਘੋੜਸਵਾਰ ਸੈਨਾ ਨਾਲ ਤੁਰਕਿਸਤਾਨ (ਤੁਰਕੀ) ਦੇ ਸਮਰਾਟ ਬੇਜ਼ੀਦ ਵਿਰੁੱਧ ਯੁੱਧ ਛੇੜ ਦਿੱਤਾ | ਸਮਰਾਟ ਬੇਜ਼ੀਦ ਓਟੋਮਾਨ ਸਮਰਾਜ ਦੇ ਤੀਜੇ ਸ਼ਾਸਕ ਸਮਰਾਟ ਮੁਰਾਦ ਦਾ ਪੁੱਤਰ ਸੀ | 18 ਜੁਲਾਈ 1402 ਨੂੰ  ਗਾਲਾਟੀਆ ਵਿਚਲੇ ਅੰਗੋਰੀਆਂ ਮੈਦਾਨ ਵਿਚ ਤੈਮੂਰ ਨੇ ਬੇਜ਼ੀਦ ਅਤੇ ਉਸ ਦੀ ਵੱਡੀ ਫ਼ੌਜ ਨੂੰ  ਬੜੀ ਕਰਾਰੀ ਸ਼ਿਕਸਤ ਦਿੱਤੀ | 19 ਜੁਲਾਈ ਦੀ ਰਾਤ ਨੂੰ  ਬੇਜ਼ੀਦ ਅਤੇ ਉਸ ਦੇ ਪੁੱਤਰ ਮੂਸਾ ਨੂੰ  ਕੈਦ ਕਰ ਕੇ ਤੈਮੂਰ ਸਾਹਮਣੇ ਪੇਸ਼ ਕੀਤਾ ਗਿਆ | ਇਸ ਜਿੱਤ ਤੋਂ ਬਾਅਦ ਸਾਰਾ ਏਸ਼ੀਆ ਮਾਈਨਰ ਤੈਮੂਰ ਦੇ ਕਬਜ਼ੇ ਹੇਠ ਆ ਗਿਆ | ਮੱਕੇ ਅਤੇ ਮਦੀਨੇ ਵਿਚ ਉਸ ਦੇ ਨਾਂਅ ਦਾ ਕੁਤਬਾ ਪੜਿ੍ਹਆ ਜਾਣ ਲੱਗਾ |
8 ਫਰਵਰੀ 1405, ਬੁੱਧਵਾਰ ਵਾਲੇ ਦਿਨ ਜਦੋਂ ਉਹ ਖੱਤਾ (ਚੀਨ) ਦੀ ਮੁਹਿੰਮ 'ਤੇ ਜਾ ਰਿਹਾ ਸੀ, ਅਤਰਾਰ ਨਾਂਅ ਦੇ ਇਕ ਪਿੰਡ ਵਿਚ ਉਸ ਦੀ ਮੌਤ ਹੋ ਗਈ | ਇਹ ਪਿੰਡ ਸਮਰਕੰਦ ਤੋਂ 75 ਫ਼ਰਸੰਗ (ਇਕ ਫ਼ਰਸੰਗ - ਚਾਰ ਮੀਲ) ਦੂਰ ਹੈ | ਉਸ ਦੀ ਲਾਸ਼ ਨੂੰ  ਸਮਰਕੰਦ ਲਿਆਂਦਾ ਗਿਆ ਅਤੇ ਉਸ ਮਕਬਰੇ ਵਿਚ ਦਫ਼ਨਾਇਆ ਗਿਆ, ਜੋ ਤੈਮੂਰ ਨੇ ਆਪਣੇ ਜਿਊਾਦੇ ਜੀਅ ਹੀ ਤਾਮੀਰ ਕਰਵਾ ਲਿਆ ਸੀ | ਉਸ ਨੇ 70 ਸਾਲ 11 ਮਹੀਨੇ ਅਤੇ 22 ਦਿਨ ਦੀ ਉਮਰ ਭੋਗੀ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਪਿਛਲੀ ਖ਼ਬਰ ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼ ਅਗਲੀ ਖ਼ਬਰ ਪੰਜਾਬ : ਚੋਣਾਂ ਦੀ ਦਹਿਲੀਜ਼ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।