(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਰਿਸ਼ਤੇ ਵੀ 'ਡਿਜੀਟਲ' ਹੋ ਰਹੇ ਹਨ
ਤਕਨਾਲੋਜੀ ਨੇ ਸਾਨੂੰ ਦੂਰ ਬੈਠੇ ਲੋਕਾਂ ਨਾਲ ਜੋੜ ਦਿੱਤਾ ਹੈ | ਇਹ ਇਸ ਦੀ ਵੱਡੀ ਉਪਲਬਧੀ ਹੈ | ਪਰ ਇਸ ਦੇ ਨਾਲ ਇਕ ਮਸਲਾ ਵੀ ਖੜ੍ਹਾ ਹੋ ਗਿਆ ਹੈ-ਕਈ ਵਾਰ ਅਸੀਂ ਦੁਰੇਡੇ ਵਾਲੇ ਵਿਅਕਤੀ ਨਾਲ ਜੁੜੇ ਹੁੰਦੇ ਹਾਂ ਪਰ ਆਪਣੇ ਕੋਲ ਬੈਠੇ ਵਿਅਕਤੀ ਤੋਂ ਦੂਰ ਹੁੰਦੇ ਹਾਂ |
ਇਕੋ ਮੇਜ਼ 'ਤੇ ਬੈਠੇ ਲੋਕ ਆਪਣੇ-ਆਪਣੇ ਮੋਬਾਈਲ ਵਿਚ ਰੁੱਝੇ ਹੋ ਸਕਦੇ ਹਨ | ਪਰਿਵਾਰ ਇਕੱਠਾ ਬੈਠਾ ਹੈ ਪਰ ਹਰ ਵਿਅਕਤੀ ਆਪਣੀ ਸਕਰੀਨ ਦੀ ਦੁਨੀਆ ਵਿਚ ਹੈ |
ਸਾਡੇ ਕੋਲ ਸੰਪਰਕ ਵਧੇ ਹਨ, ਪਰ ਕੀ ਸੰਵਾਦ ਵੀ ਵਧਿਆ ਹੈ?
ਅਸੀਂ ਵਿਸ਼ਵ ਪਿੰਡ ਦੇ ਵਾਸੀ ਤਾਂ ਕਹਾਉਂਦੇ ਆਂ ਪਰ ਕੀ ਸਾਡੇ ਦਰਮਿਆਨ ਨੇੜਤਾ ਵਧੀ?
ਸਾਡੇ ਕੋਲ ਜਾਣਕਾਰੀ ਵਧੀ ਹੈ, ਪਰ ਕੀ ਸਮਝ ਵੀ ਵਧੀ ਹੈ?
ਸਾਡੇ ਕੋਲ ਮਨੋਰੰਜਨ ਵਧਿਆ ਹੈ, ਪਰ ਕੀ ਖੁਸ਼ੀ ਵੀ ਵਧੀ ਹੈ?
ਇਹ ਸਵਾਲ ਤਕਨਾਲੋਜੀ ਦੇ ਵਿਰੁੱਧ ਨਹੀਂ, ਤਕਨਾਲੋਜੀ ਦੀ ਵਰਤੋਂ ਬਾਰੇ ਸਾਡੀ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੇ ਹਨ |
ਏ.ਆਈ.: ਖ਼ਤਰਾ ਨਹੀਂ, ਇਕ ਸ਼ੀਸ਼ਾ : ਏ.ਆਈ. ਨੂੰ ਸਿਰਫ਼ ਨੌਕਰੀਆਂ ਖ਼ਤਮ ਕਰਨ ਵਾਲੀ ਤਕਨਾਲੋਜੀ ਜਾਂ ਮਨੁੱਖ ਦਾ ਬਦਲ ਸਮਝਣਾ ਠੀਕ ਨਹੀਂ | ਇਹ ਮਨੁੱਖੀ ਬੁੱਧੀ ਦੀ ਇਕ ਮਹੱਤਵਪੂਰਨ ਵਿਗਿਆਨਕ ਉਪਲਬਧੀ ਹੈ |
ਏ.ਆਈ. ਭਾਸ਼ਾ ਸਿੱਖ ਸਕਦੀ ਹੈ, ਪਰ ਭਾਸ਼ਾ ਨਾਲ ਜੁੜੀ ਮਨੁੱਖੀ ਯਾਦ ਅਤੇ ਸੱਭਿਆਚਾਰਕ ਪੀੜ੍ਹੀਆਂ ਦੇ ਅਨੁਭਵਾਂ ਨੂੰ ਸਮਝਣ ਲਈ ਮਨੁੱਖੀ ਸੰਦਰਭ ਦੀ ਲੋੜ ਰਹਿੰਦੀ ਹੈ | ਏ.ਆਈ. ਕਵਿਤਾ ਲਿਖ ਸਕਦੀ ਹੈ, ਪਰ ਕਵਿਤਾ ਦੇ ਪਿੱਛੇ ਧੜਕਦੇ ਮਨੁੱਖੀ ਅਨੁਭਵ ਦੀ ਕੀਮਤ ਨੂੰ ਸਮਝਣ ਦਾ ਸਵਾਲ ਵੱਖਰਾ ਹੈ |
ਇਸ ਲਈ ਏ.ਆਈ. ਸਾਡੇ ਸਾਹਮਣੇ ਇਕ ਮਹੱਤਵਪੂਰਨ ਸਵਾਲ ਵੀ ਰੱਖਦੀ ਹੈ-
ਜੇ ਮਸ਼ੀਨ ਬੁੱਧੀਮਾਨ ਹੋ ਰਹੀ ਹੈ ਤਾਂ ਮਨੁੱਖ ਦੀ ਵਿਲੱਖਣਤਾ ਕੀ ਹੈ?
ਸ਼ਾਇਦ ਇਸ ਦਾ ਜਵਾਬ ਸਿਰਫ਼ ਬੁੱਧੀ ਵਿਚ ਨਹੀਂ |
ਮਨੁੱਖ ਦੀ ਵਿਲੱਖਣਤਾ ਉਸ ਦੀ ਸੰਵੇਦਨਾ, ਕਲਪਨਾ, ਨੈਤਿਕਤਾ, ਹਮਦਰਦੀ, ਪਿਆਰ, ਰਿਸ਼ਤਿਆਂ ਅਤੇ ਅਰਥ ਦੀ ਖੋਜ ਵਿਚ ਵੀ ਹੈ |
ਅਸੀਂ ਮਸ਼ੀਨ ਤੋਂ ਕੀ ਲੈਣਾ ਹੈ ਅਤੇ ਕੀ ਨਹੀਂ? : ਸਾਨੂੰ ਮਸ਼ੀਨ ਤੋਂ ਗਤੀ ਲੈਣੀ ਚਾਹੀਦੀ ਹੈ ਪਰ ਮਨੁੱਖੀ ਜੀਵਨ ਤੋਂ ਠਹਿਰਾਅ ਨਹੀਂ ਛੱਡਣਾ |
ਸਾਨੂੰ ਮਸ਼ੀਨ ਤੋਂ ਸ਼ੁੱਧਤਾ ਲੈਣੀ ਚਾਹੀਦੀ ਹੈ ਪਰ ਆਪਣੀ ਸੰਵੇਦਨਾ ਨਹੀਂ ਗੁਆਉਣੀ |
ਸਾਨੂੰ ਏ.ਆਈ. ਤੋਂ ਜਾਣਕਾਰੀ ਲੈਣੀ ਚਾਹੀਦੀ ਹੈ ਪਰ ਆਪਣੀ ਸੋਚ ਉਸ ਦੇ ਹਵਾਲੇ ਨਹੀਂ ਕਰਨੀ |
ਸਾਨੂੰ ਤਕਨਾਲੋਜੀ ਦੀ ਸਹੂਲਤ ਲੈਣੀ ਚਾਹੀਦੀ ਹੈ ਪਰ ਆਪਣੀ ਆਜ਼ਾਦ ਇੱਛਾ ਬਾਜ਼ਾਰ ਨੂੰ ਨਹੀਂ ਦੇਣੀ |
ਸਾਨੂੰ ਆਨਲਾਈਨ ਦੁਨੀਆ ਨਾਲ ਜੁੜਨਾ ਚਾਹੀਦਾ ਹੈ ਪਰ ਅਸਲ ਜੀਵਨ ਦੇ ਰਿਸ਼ਤਿਆਂ ਤੋਂ ਦੂਰ ਨਹੀਂ ਹੋਣਾ ਚਾਹੀਦਾ |
ਸਭ ਤੋਂ ਵੱਡੀ ਗੱਲ-ਸਾਨੂੰ ਮਸ਼ੀਨ ਨੂੰ ਮਨੁੱਖ ਬਣਾਉਣ ਦੀ ਕੋਸ਼ਿਸ਼ ਕਰਦਿਆਂ ਖੁਦ ਮਨੁੱਖ ਨੂੰ ਮਸ਼ੀਨ ਬਣਨ ਤੋਂ ਬਚਾਉਣਾ ਪਵੇਗਾ |
ਅਸਲ ਸਵਾਲ ਏ.ਆਈ. ਨਹੀਂ, 'ਅਸੀਂ ਖੁਦ ਹਾਂ' : ਆਉਣ ਵਾਲੇ ਸਮੇਂ ਵਿਚ ਮਸ਼ੀਨਾਂ ਹੋਰ ਬੁੱਧੀਮਾਨ ਹੋਣਗੀਆਂ | ਏ.ਆਈ. ਹੋਰ ਸ਼ਕਤੀਸ਼ਾਲੀ ਹੋਵੇਗੀ | ਰੋਬੋਟ ਹੋਰ ਮਨੁੱਖੀ ਵਿਹਾਰ ਦੀ ਨਕਲ ਕਰਨਗੇ | ਕੰਪਿਊਟਰ ਹੋਰ ਗੁੰਝਲਦਾਰ ਕੰਮ ਕਰਨਗੇ |
ਇਹ ਵਿਕਾਸ ਰੋਕਿਆ ਨਹੀਂ ਜਾ ਸਕਦਾ ਅਤੇ ਸ਼ਾਇਦ ਰੋਕਣਾ ਵੀ ਨਹੀਂ ਚਾਹੀਦਾ |
ਪਰ ਇਸ ਦੇ ਨਾਲ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਤਕਨਾਲੋਜੀ ਮਨੁੱਖ ਦੀ ਮਾਲਕ ਬਣੇਗੀ ਜਾਂ ਸਾਧਨ |
ਮਸ਼ੀਨ ਸਾਡੇ ਲਈ ਕੰਮ ਕਰੇ-ਇਹ ਤਰੱਕੀ ਹੈ |
ਪਰ ਜੇ ਅਸੀਂ ਮਸ਼ੀਨ ਦੇ ਢੰਗ ਨਾਲ ਜੀਣ ਲੱਗ ਪਏ-ਇਹ ਚਿੰਤਾ ਦੀ ਗੱਲ ਹੈ |
ਮਸ਼ੀਨ ਕੋਲ ਡੇਟਾ ਹੋ ਸਕਦਾ ਹੈ, ਮਨੁੱਖ ਕੋਲ ਯਾਦਾਂ ਹਨ |
ਮਸ਼ੀਨ ਕੋਲ ਐਲਗੋਰਿਦਮ ਹੋ ਸਕਦਾ ਹੈ, ਮਨੁੱਖ ਕੋਲ ਅਨੁਭਵ ਹੈ |
ਮਸ਼ੀਨ ਕੋਲ ਤਰਕ ਹੋ ਸਕਦਾ ਹੈ, ਮਨੁੱਖ ਕੋਲ ਵਿਵੇਕ ਹੈ |
ਅੱਜ ਸਭ ਤੋਂ ਵੱਡਾ ਖ਼ਤਰਾ ਇਹ ਨਹੀਂ ਕਿ ਮਸ਼ੀਨ ਮਨੁੱਖ ਵਰਗੀ ਬਣ ਜਾਵੇਗੀ | ਅਸਲ ਖ਼ਤਰਾ ਇਹ ਹੈ ਕਿ ਮਨੁੱਖ ਆਪਣੀ ਮਨੁੱਖਤਾ ਨੂੰ ਮਸ਼ੀਨੀ ਗਤੀ, ਬਾਜ਼ਾਰੀ ਲਾਲਚ ਅਤੇ ਅੰਨ੍ਹੀ ਖਪਤ ਦੇ ਹਵਾਲੇ ਤਾਂ ਨਹੀ ਕਰ ਬੈਠੂ?
ਇਸ ਲਈ ਏ.ਆਈ. ਦੇ ਯੁੱਗ ਵਿਚ ਸਾਨੂੰ ਮਸ਼ੀਨ ਨੂੰ ਹੋਰ ਬੁੱਧੀਮਾਨ ਬਣਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਹੋਰ ਮਨੁੱਖੀ ਬਣਾਉਣ ਦੀ ਕੋਸ਼ਿਸ਼ ਵੀ ਕਰਨੀ ਪਵੇਗੀ |
ਕਿਉਂਕਿ ਆਖਰਕਾਰ
ਮਸ਼ੀਨ ਦਾ ਮਨੁੱਖ ਵਾਂਗ ਸੋਚਣਾ ਵਿਗਿਆਨ ਦੀ ਜਿੱਤ ਹੋ ਸਕਦੀ ਹੈ, ਪਰ ਮਨੁੱਖ ਦਾ ਮਸ਼ੀਨ ਵਾਂਗ ਸੋਚਣਾ ਮਨੁੱਖਤਾ ਦੀ ਹਾਰ ਹੋਵੇਗੀ ਅਤੇ ਸ਼ਾਇਦ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੇਤਾਵਨੀ ਇਹੀ ਹੈ |“ਮਸ਼ੀਨ ਨੂੰ ਬੰਦਾ ਬਣਾਇਆ ਜਾ ਰਿਹਾ ਹੈ ਤੇ ਬੰਦੇ ਨੂੰ ਮਸ਼ੀਨ |”(ਸਮਾਪਤ)
-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 94174-55614