21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ਕਤੀਵਰਧਕ ਪੌਦਾ

ਸ਼ਕਤੀਵਰਧਕ ਪੌਦਾ

ਅਜੀਤ ਡੈਸਕ 22-11-2026

ਸ਼ਤਾਵਰੀ

ਸ਼ਤਾਵਰੀ ਛੋਟੇ ਛੋਟੇ ਵਾਲਾਂ ਵਰਗੇ ਪੱਤਿਆਂ ਵਾਲਾ ਪਥਰੀਲੀ ਜ਼ਮੀਨ ਨੂੰ  ਪਸੰਦ ਕਰਨ ਵਾਲਾ ਵੇਲ ਵਰਗਾ 6-7 ਫੁੱਟ ਲੰਬਾ ਪੌਦਾ ਹੁੰਦਾ ਹੈ ਜਿਸ ਦੀਆਂ ਜੜ੍ਹਾਂ ਸ਼ਕਰਕੰਦੀ ਵਾਂਗ ਮੋਟੀਆਂ, ਪਰ 3 ਫੁੱਟ ਤੱਕ ਲੰਬੀਆਂ ਹੋ ਸਕਦੀਆਂ ਹਨ | ਇਸ ਨੂੰ  ਜੁਲਾਈ ਵਿਚ ਸਫੈਦ ਫੁੱਲ ਅਤੇ ਸਤੰਬਰ ਵਿਚ ਮੋਤੀਆਂ ਵਰਗੇ ਲਾਲ ਬੀਜ ਲਗਦੇ ਹਨ | ਇਸ ਦਾ ਵਿਗਿਆਨਕ ਨਾਂਅ ਅਸਪੈਰਾਗਸ ਰੇਸੀਮੋਸਸ (1sparagus racemosus) ਹੈ | ਇਸ ਨੂੰ  ਨਰਾਇਣੀ, ਸ਼ਤਮੂਲੀ ਅਤੇ ਬਰੂਸ਼ਾ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਇਹ ਰਸਾਇਣ ਦਰਜੇ ਦਾ ਠੰਢੀ ਤਾਸੀਰ ਦਾ ਪੌਦਾ ਹੈ ਜੋ ਪਿੱਤ ਅਤੇ ਵਾਤ ਦੋਸ਼ ਨੂੰ  ਸ਼ਾਂਤ ਅਤੇ ਸਰੀਰਕ ਖੁਸ਼ਕੀ ਨੂੰ  ਦੂਰ ਕਰਦਾ ਹੈ | ਇਸ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਰਬੀ, ਵਿਟਾਮਿਨ ਏ, ਜਿੰਕ, ਤਾਂਬਾ, ਕੋਬਾਲਟ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਸੈਲੀਨੀਅਮ ਤੋਂ ਇਲਾਵਾ ਕਾਫੀ ਲਾਭਦਾਇਕ ਕਿਰਿਆਸ਼ੀਲ ਤੱਤ ਪਾਏ ਜਾਂਦੇ ਹਨ | 


ਸ਼ਤਾਵਰੀ ਦੀ ਜੜ੍ਹ ਦਾ 3-6 ਗ੍ਰਾਮ ਚੂਰਨ ਦੁੱਧ ਨਾਲ ਲੈਣ ਨਾਲ ਜਠਰ ਅਗਨੀ ਨੂੰ  ਮਜ਼ਬੂਤ ਹੁੰਦੀ ਹੈ ਅਤੇ ਇਸ ਨਾਲ ਜਿਗਰ ਦੀ ਕਿਰਿਆ ਦਰੁੱਸਤ ਹੁੰਦੀ ਹੈ | 5 ਗ੍ਰਾਮ ਸ਼ਤਾਵਰੀ ਦੇ ਚੂਰਨ ਨੂੰ  ਅੱਧਾ ਕੱਪ ਦੁੱਧ ਅਤੇ 2 ਕੱਪ ਪਾਣੀ ਵਿਚ ਰਿੰਨ੍ਹ ਕੇ ਜਦੋਂ ਅੱਧਾ ਕੱਪ ਰਹਿ ਜਾਵੇ ਤਾਂ ਇਸ ਦੇ ਸੇਵਨ ਨਾਲ ਖਾਣੇ ਤੋਂ ਬਾਅਦ ਤੇਜ਼ਾਬ ਬਣਨ ਅਤੇ ਜਲਣ ਦੀ ਸਮੱਸਿਆ, ਦਿਲ ਘਟਣ ਦੀ ਸਮੱਸਿਆ, ਅਤੇ ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ | ਇਸ ਨਾਲ ਸਖ਼ਤ ਮਲ ਅਤੇ ਮਲ ਵਿਚ ਖੂਨ ਆਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ | ਸ਼ਤਾਵਰੀ ਦੀ ਇਸ ਤਰਾਂ ਰਿੰਨ੍ਹ ਕੇ ਬਣੀ ਖੀਰ ਵਿਚ ਇਕ ਚਮਚਾ ਘਿਓ ਪਾ ਕੇ ਖਾਣ ਨਾਲ ਨੀਂਦ ਵਧੀਆ ਆਉਂਦੀ ਹੈ | ਇਸ ਦੇ ਚੂਰਨ ਦਾ ਇਕ ਚਮਚਾ ਮਿਸ਼ਰੀ ਵਿਚ ਮਿਲਾ ਕੇ ਦੁੱਧ ਨਾਲ ਲੈਣ ਨਾਲ ਸਰੀਰਕ ਸ਼ਕਤੀ ਮਿਲਦੀ ਹੈ | ਇਸ ਦੇ ਚੂਰਨ ਦਾ ਕਾੜ੍ਹਾ ਪੀਣ ਨਾਲ ਸੁੱਕੀ ਖੰਘ ਨੂੰ  ਆਰਾਮ ਮਿਲਦਾ ਹੈ | ਸ਼ਤਾਵਰੀ ਦੀਆਂ ਜੜ੍ਹਾਂ ਦੇ ਚੂਰਨ ਦੇ ਸੇਵਨ ਨਾਲ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦਾ ਦੁੱਧ ਵਧਦਾ ਹੈ | ਸ਼ਤਾਵਰੀ ਦੇ ਚੂਰਨ ਦਾ ਕਾੜ੍ਹਾ ਪੀਣ ਨਾਲ ਵਧਿਆ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ ਅਤੇ ਇਹ ਦਿਲ ਲਈ ਲਾਭਕਾਰੀ ਹੈ | ਪ੍ਰਜਣਨ ਤੋਂ ਬਾਅਦ ਔਰਤਾਂ ਦੇ ਸਰੀਰ ਨੂੰ  ਮੁਢਲੀ ਅਵਸਥਾ ਵਿਚ ਲਿਆਉਣ, ਹਾਰਮੋਨਜ਼ ਨੂੰ  ਸੰਤੁਲਿਤ ਕਰਨ ਅਤੇ ਉਨ੍ਹਾਂ ਦੀ ਮਾਨਸਿਕ ਅਵਸਥਾ ਨੂੰ  ਮਜ਼ਬੂਤ ਬਣਾਉਣ ਲਈ ਸ਼ਤਾਵਰੀ ਦਾ ਸੇਵਨ ਅਤਿ ਗੁਣਕਾਰੀ ਹੈ | ਇਸ ਦਾ ਸੇਵਨ ਔਰਤਾਂ ਅਤੇ ਮਰਦਾਂ ਵਿਚ ਸਰੀਰਕ ਸ਼ਕਤੀ, ਕਾਮੁਕ ਸ਼ਕਤੀ, ਯਾਦਾਸ਼ਤ, ਇਕਾਗਰਤਾ ਅਤੇ ਸਫੁਰਤੀ ਵਿਚ ਵਾਧਾ ਕਰਦਾ ਹੈ | ਇਸ ਦੇ ਸੇਵਨ ਨਾਲ ਔਰਤ ਅਤੇ ਮਰਦ, ਦੋਵਾਂ ਵਿਚ ਬਾਂਝਪਣ ਦੀ ਸਮੱਸਿਆ ਦੂਰ ਹੁੰਦੀ ਹੈ | ਇਹ ਕਮਜ਼ੋਰੀ, ਚਿੜਚਿੜੇਪਣ ਅਤੇ ਤਣਾਅ ਨੂੰ  ਦੂਰ ਕਰਦੀ ਹੈ | ਔਰਤਾਂ ਵਿਚ ਮਹਾਵਾਰੀ ਦੌਰਾਨ ਜ਼ਿਆਦਾ ਖੂਨ ਆਉਣ ਅਤੇ ਗਰਭਪਾਤ ਦੀ ਸਮੱਸਿਆ ਵੀ ਇਸ ਦੇ ਸੇਵਨ ਨਾਲ ਦੂਰ ਹੁੰਦੀ ਹੈ | ਔਰਤਾਂ ਵਿਚ 40-45 ਸਾਲ ਦੀ ਉਮਰ ਤੋਂ ਬਾਅਦ ਹਾਰਮੋਨਜ਼ ਬਦਲਣ ਨਾਲ ਸੁਭਾਅ ਵਿਚ ਆਉਣ ਵਾਲੇ ਚਿੜਚਿੜੇਪਣ ਨੂੰ  ਦੂਰ ਕਰਨ ਲਈ ਇਸ ਦਾ ਸੇਵਨ ਅਤਿ ਲਾਭਕਾਰੀ ਹੈ | ਸ਼ਤਾਵਰੀ ਵਿਚ ਬੁਢਾਪਾਰੋਧਕ ਗੁਣ ਹੁੰਦੇ ਹਨ ਅਤੇ ਇਹ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ  ਵਧਾਉਂਦੀ ਹੈ | ਇਸ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਣ ਨਾਲ ਨਿਗ੍ਹਾ ਤੇਜ਼ ਹੁੰਦੀ ਹੈ ਅਤੇ ਇਸ ਨਾਲ ਅੰਧਰਾਤੇ ਵਿਚ ਲਾਭ ਮਿਲਦਾ ਹੈ | ਇਸ ਦੇ ਬੀਜ ਦੇ ਚੂਰਨ ਨੂੰ  ਸ਼ਹਿਦ ਵਿਚ ਮਿਲਾ ਕੇ ਚੱਟਣ ਨਾਲ ਬੈਠੇ ਗਲੇ ਨੂੰ  ਆਰਾਮ ਮਿਲਦਾ ਹੈ |
ਜਿਨ੍ਹਾਂ ਦੇ ਸਰੀਰ ਵਿਚ ਕਫ਼ ਜ਼ਿਆਦਾ ਹੋਵੇ, ਜਿਨ੍ਹਾਂ ਦੀ ਸਰੀਰਕ ਕਿਰਿਆ ਜਾਂ ਹਿੱਲਜੁੱਲ ਘੱਟ ਹੋਵੇ ਅਤੇ ਜਿਨ੍ਹਾਂ ਦਾ ਸਰੀਰ ਭਾਰਾ ਹੋਵੇ, ਉਨ੍ਹਾਂ ਲਈ ਸ਼ਤਾਵਰੀ ਦਾ ਸੇਵਨ ਸਿਫਾਰਸ਼ਯੋਗ ਨਹੀਂ ਹੈ | ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਦਵਾਈ ਲੈਣ ਵਾਲਿਆਂ ਨੂੰ  ਇਸ ਦਾ ਪ੍ਰਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਮਸ਼ੀਨ ਨੂੰ ਬੰਦਾ ਤੇ ਬੰਦੇ ਨੂੰ ਮਸ਼ੀਨ ਬਣਾਉਣ ਦੀ ਕਵਾਇਦ ਅਗਲੀ ਖ਼ਬਰ ਪੰਜਾਬੀ ਅਤੇ ਸਿੱਖ ਜਾਗਿ੍ਤੀ ਦੇ ਸੰਸਥਾ ਨਿਰਮਾਤਾ: ਪ੍ਰੋ. ਗੁਰਮੁਖ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।