18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬੱਚਿਆਂ ਦੀ ਮਾਨਸਿਕ ਸਮਰੱਥਾ ਵਧਾਉਣ ਲਈ ਜਨਮ ਤੋਂ ਦਈਏ ਸੰਤੁਲਿਤ ਪੋਸ਼ਣ

ਬੱਚਿਆਂ ਦੀ ਮਾਨਸਿਕ ਸਮਰੱਥਾ ਵਧਾਉਣ ਲਈ ਜਨਮ ਤੋਂ ਦਈਏ ਸੰਤੁਲਿਤ ਪੋਸ਼ਣ

ਅਜੀਤ ਡੈਸਕ 19-11-2026

ਦਿਮਾਗੀ ਵਿਗਿਆਨ ਭਾਵ ਨਿਊਰੋਸਾਇੰਸ ਦੀਆਂ ਤਾਜ਼ਾ ਖੋਜਾਂ ਨੇ ਸਿੱਧ ਕੀਤਾ ਹੈ ਕਿ ਬੱਚਿਆਂ ਦੀ ਨਿੱਕੀ ਉਮਰ ਵਿਚ ਉਨ੍ਹਾਂ ਦੇ ਪੌਸ਼ਣ ਅਤੇ ਸਿਹਤ ਸੰਭਾਲ ਉਨ੍ਹਾਂ ਦੇ ਉਮਰ ਭਰ ਦੇ ਦਿਮਾਗ਼ੀ ਵਿਕਾਸ ਦੀ ਨੀਂਹ ਬੰਨ੍ਹਦਾ ਹੈ ਅਤੇ ਇਸੇ ਉਮਰ ਵਿਚ ਹੋਇਆ ਦਿਮਾਗੀ ਵਿਕਾਸ ਬੱਚੇ ਨੂੰ  ਪੜ੍ਹਾਈ–ਲਿਖਾਈ ਅਤੇ ਸਿਖਲਾਈ ਵਿਚ ਮਦਦਗਾਰ ਹੁੰਦਾ ਹੈ |

ਅਸਲ ਵਿਚ ਨਿੱਕੀ ਉਮਰ ਦੀ ਸਿਹਤ ਸੰਭਾਲ ਨੂੰ  ਬੱਚੇ ਦੀ ਅਗਲੀ ਉਮਰ ਲਈ ਇਕ ਨਿਰਣਾਕਾਰੀ ਪੜਾਅ ਦੱਸਿਆ ਗਿਆ ਹੈ | ਮਹਿਲਾ ਦੇ ਗਰਭਕਾਲ ਦੌਰਾਨ ਹੀ ਬੱਚੇ ਦਾ ਦਿਮਾਗ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਨਮ ਤੋਂ ਬਾਅਦ ਪਹਿਲੇ ਦੋ ਸਾਲਾਂ ਲਈ ਵਿਸ਼ੇਸ਼ ਤੌਰ 'ਤੇ ਇਸ ਦਾ ਵਿਕਾਸ ਹੁੰਦਾ ਹੈ | ਗਰਭਕਾਲ ਦੌਰਾਨ ਮਹਿਲਾ ਦੀ ਸਿਹਤ ਅਤੇ ਉਸ ਦੀ ਖੁਰਾਕ ਬੱਚੇ ਦੇ ਦਿਮਾਗ਼ੀ ਵਿਕਾਸ ਲਈ ਖਾਸ ਅਹਿਮੀਅਤ ਰੱਖਦੀ ਹੈ | ਇਸ ਲਈ ਗਰਭਵਤੀਆਂ ਦੇ ਪੇਟ ਵਿਚ ਪਲ ਰਹੇ ਬੱਚੇ ਦੇ ਦਿਮਾਗੀ ਵਿਕਾਸ ਲਈ ਗਰਭਵਤੀਆਂ ਨੂੰ  ਆਪਣੇ ਭੋਜਨ ਵਿਚ ਅੰਡੇ, ਪਾਲਕ, ਬਰੋਕਲੀ, ਚੀਆ ਬੀਜ, ਪਨੀਰ, ਮੱਛੀ, ਸਟ੍ਰਾਅਬੈਰੀ, ਫਲੀਆਂ, ਦਾਲਾਂ, ਸਬਜ਼ੀਆਂ, ਫਲ, ਅਖਰੋਟ (ਭਿਓਾ ਕੇ) ਸ਼ਾਮਿਲ ਕਰਨੇ ਚਾਹੀਦੇ ਹਨ | ਇਸੇ ਤਰ੍ਹਾਂ ਬੱਚਿਆਂ ਦੇ ਨਿੱਕੀ ਉਮਰ ਵਿਚ ਭਾਵ ਦੋ ਸਾਲਾਂ ਤੱਕ ਹੋਣ ਵਾਲੇ ਦਿਮਾਗੀ ਵਿਕਾਸ ਦੌਰਾਨ ਲੋਹਾ, ਜ਼ਿੰਕ ਭਾਵ ਜਿਸਤ, ਆਇਓਡੀਨ ਅਤੇ ਓਮੇਗਾ ਫੈਟੀ ਐਸਿਡ ਆਦਿ ਵਿਸ਼ੇਸ਼ ਤੌਰ 'ਤੇ ਦਿਮਾਗੀ ਬਣਤਰ ਬਣਾਉਣ ਵਿਚ ਸਹਾਇਕ ਹੁੰਦੇ ਹਨ, ਜਿਨ੍ਹਾਂ ਦੇ ਸਹਾਰੇ ਬੱਚਿਆਂ ਦੀ ਯਾਦਾਸ਼ਤ ਸ਼ਕਤੀ ਵਧਦੀ ਹੈ, ਭਾਸ਼ਾ ਸਿੱਖਣ ਦੀ ਸਮਰੱਥਾ ਵਧਦੀ ਹੈ ਅਤੇ ਦਿਮਾਗੀ ਕੰਮਾਂ ਉੱਤੇ ਫੋਕਸ ਕਰਨ ਭਾਵ ਧਿਆਨ ਲਗਾਉਣ ਦੇ ਗੁਣ ਪੈਦਾ ਹੁੰਦੇ ਹਨ | ਜ਼ਿਕਰਯੋਗ ਹੈ ਕਿ ਲੋਹਾ ਸਾਨੂੰ ਪਾਲਕ, ਬਰੋਕਲੀ, ਫਲੀਆਂ ਅਤੇ ਅੰਡੇ ਦੀ ਜ਼ਰਦੀ ਤੋਂ ਪ੍ਰਾਪਤ ਹੁੰਦਾ ਹੈ | ਨਿੰਬੂ ਅਤੇ ਸੰਤਰਿਆਂ ਵਿਚ ਮਿਲਣ ਵਾਲਾ ਵਿਟਾਮਿਨ–ਸੀ ਲੋਹਾ ਤੱਤ ਨੂੰ  ਸਰੀਰ ਵਿਚ ਚੰਗੀ ਤਰ੍ਹਾਂ ਪਚਾਉਣ ਵਿਚ ਸਹਾਈ ਹੁੰਦਾ ਹੈ | ਜਿਸਤ ਦੋ ਸਾਲ ਤੱਕ ਦੇ ਬੱਚਿਆਂ ਦੇ ਤੇਜ਼ ਦਿਮਾਗ ਬਣਨ ਲਈ ਮਦਦਗਾਰ ਹੁੰਦਾ ਹੈ | ਇਹ ਬੱਚਿਆਂ ਨੂੰ  ਅੰਡਿਆਂ, ਦੁੱਧ, ਕਾਜੂ, ਪਨੀਰ ਅਤੇ ਛੋਲਿਆਂ ਤੋਂ ਪ੍ਰਾਪਤ ਹੋ ਸਕਦਾ ਹੈ | ਮਾਂ ਦੇ ਦੁੱਧ ਤੋਂ ਬੱਚੇ ਨੂੰ  ਬੇਸ਼ਕੀਮਤੀ ਤੱਤ ਪ੍ਰਾਪਤ ਹੁੰਦੇ ਹਨ ਜੋ ਦਿਮਾਗ ਨੂੰ  ਤੇਜ਼ ਕਰਕੇ ਬੱਚੇ ਦਾ ਆਈ ਕਿਊ ਭਾਵ ਉਸ ਦੀ ਸਿੱਖਣ, ਗਣਨਾ ਕਰਨ, ਅਕਾਦਮਿਕ ਸਮਰੱਥਾ ਵਧਾਉਣ ਦੇ ਨਾਲ–ਨਾਲ ਉਸ ਨੂੰ  ਭਾਵਨਾਤਮਿਕ ਤੌਰ 'ਤੇ ਮਜ਼ਬੂਤ ਬਣਾਉਂਦੇ ਹਨ | 

ਇਸ ਦੇ ਨਾਲ ਹੀ ਮਾਪੇ ਬੱਚਿਆਂ ਦੇ ਦਿਮਾਗੀ ਵਿਕਾਸ ਲਈ ਉਨ੍ਹਾਂ ਨੂੰ  ਕੁੱਝ ਗਤੀਵਿਧੀਆਂ ਵਿਚ ਸ਼ਾਮਿਲ ਕਰਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ | ਇਸ ਲਈ ਬੱਚਿਆਂ ਨੂੰ  ਸਟਰਾਲਰ ਜਾਂ ਪੰਘੂੜੇ ਦੀ ਬਜਾਏ ਉਨ੍ਹਾਂ ਨੂੰ  ਜ਼ਮੀਨ ਉੱਤੇ ਖੇਡਣ ਅਤੇ ਰਿੜ੍ਹਣ ਦੀ ਆਦਤ ਪਾਈ ਜਾਏ | ਨਿੱਕੇ ਬੱਚਿਆਂ ਨੂੰ  ਆਲੇ ਦੁਆਲੇ ਦੀਆਂ ਵਸਤਾਂ ਦੇ ਨਾਂਅ ਚੇਤੇ ਕਰਾਏ ਜਾਣ ਅਤੇ ਛੋਟੀਆਂ–ਛੋਟੀਆਂ ਕਵਿਤਾਵਾਂ ਜਾਂ ਗੀਤ ਯਾਦ ਕਰਵਾਏ ਜਾਣ | ਬੱਚਿਆਂ ਨੂੰ  ਨਵੀਆਂ ਚੀਜ਼ਾਂ ਵੇਖਣ ਅਤੇ ਛੂਹਣ ਨਾਲ ਅਤੇ ਨਵੀਆਂ ਆਵਾਜ਼ਾਂ ਸੁਣਨ ਨਾਲ ਉਨ੍ਹਾਂ ਦਾ ਦਿਮਾਗ ਵਿਕਸਿਤ ਹੁੰਦਾ ਹੈ | ਮਾਪਿਆਂ ਦੇ ਬੱਚੇ ਨੂੁੰ ਗਲ ਨਾਲ ਲਾਉਣ ਨਾਲ ਵੀ ਉਨ੍ਹਾਂ ਦਿਮਾਗੀ ਨਸਾਂ ਤੇਜ਼ ਹੁੰਦੀਆਂ ਹਨ |

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 62842-20595

ਪਿਛਲੀ ਖ਼ਬਰ ਸ੍ਰੀਮਤੀ ਜੀ ਪ੍ਰਾ0! ਅਗਲੀ ਖ਼ਬਰ ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ ਗੱਲ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।